ਊਧਵ-ਰਾਜ ਵਿਚਕਾਰ ਸੁਲ੍ਹਾ ਚਾਹੁੰਦੇ ਸੀ ਸ਼ਿੰਦੇ: ਰਾਊਤ
ਸ਼ਿਵ ਸੈਨਾ (ਯੂ ਬੀ ਟੀ) ਦੇ ਆਗੂ ਸੰਜੈ ਰਾਊਤ ਨੇ ਦਾਅਵਾ ਕੀਤਾ ਕਿ ਜਦੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਣਵੰਡੀ ਸ਼ਿਵ ਸੈਨਾ ਦਾ ਹਿੱਸਾ ਸਨ ਤਾਂ ਉਨ੍ਹਾਂ ਭਾਜਪਾ ਨੂੰ ਰੋਕਣ ਲਈ ਚਚੇਰੇ ਭਰਾਵਾਂ ਊਧਵ ਅਤੇ ਰਾਜ ਠਾਕਰੇ ਵਿਚਾਲੇ ਸੁਲ੍ਹਾ ਕਰਵਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਸ਼ਿੰਦੇ ’ਤੇ ਆਪਣੇ ਹਿੱਤਾਂ ਲਈ ਊਧਵ ਨੂੰ ਧੋਖਾ ਦੇਣ ਦਾ ਦੋਸ਼ ਵੀ ਲਗਾਇਆ।
ਸ਼ਿਵ ਸੈਨਾ (ਯੂ ਬੀ ਟੀ) ਦੀ ਹਫ਼ਤਾਵਾਰੀ ਮੈਗਜ਼ੀਨ ‘ਸਾਮਨਾ’ ਵਿੱਚ ਆਪਣੇ ਹਫ਼ਤਾਵਾਰੀ ਕਾਲਮ ‘ਰੋਕਠੋਕ’ ਵਿੱਚ ਸੰਜੈ ਰਾਊਤ ਨੇ ਕਿਹਾ ਕਿ ਸ਼ਿੰਦੇ ਹੁਣ ਇਸ ਗੱਲ ਤੋਂ ਨਾਖੁਸ਼ ਹਨ ਕਿ ਚਚੇਰੇ ਠਾਕਰੇ ਭਰਾ ਨਾਲ ਆ ਗਏ ਹਨ। ਸ਼ਿਵ ਸੈਨਾ (ਯੂ ਬੀ ਟੀ) ਦੇ ਪ੍ਰਧਾਨ ਊਧਵ ਠਾਕਰੇ ਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ ਐੱਨ ਐੱਸ) ਦੇ ਮੁਖੀ ਰਾਜ ਠਾਕਰੇ ਆਪਣੇ ਮੱਤਭੇਦ ਭੁੱਲ ਗਏ ਹਨ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਉਹ ਜਨਤਕ ਤੌਰ ’ਤੇ ਇਕੱਠੇ ਨਜ਼ਰ ਆਏ ਹਨ। ਦੋਹਾਂ ਪਾਰਟੀਆਂ ਦੇ ਆਗੂਆਂ ਮੁਤਾਬਕ, 31 ਜਨਵਰੀ 2026 ਤੋਂ ਪਹਿਲਾਂ ਹੋਣ ਵਾਲੀਆਂ ਸਥਾਨਕ ਸਰਕਾਰਾਂ ਬਾਰੇ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਦਾ ਇਕੱਠੇ ਹੋਣਾ ਹੁਣ ਸਿਰਫ਼ ਰਸਮੀ ਹੈ। ਰਾਊਤ ਨੇ ਲਿਖਿਆ, ‘‘ਸ਼ਿੰਦੇ ਅਤੇ ਸ਼ਿਵ ਸੈਨਾ ਮੰਤਰੀ ਪ੍ਰਤਾਪ ਸਰਨਾਈਕ ਨੇ ਮੈਨੂੰ ਪਹਿਲਾਂ ਵੀ ਕਈ ਵਾਰ ਰਾਜ ਤੇ ਊਧਵ ਠਾਕਰੇ ਵਿੱਚ ਸੁਲ੍ਹਾ ਕਰਵਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਮਹਾਰਾਸ਼ਟਰ ’ਤੇ ਭਗਵਾਂ ਝੰਡਾ ਲਹਿਰਾਉਣ ਲਈ ਇਹ ਜ਼ਰੂਰੀ ਹੈ।’’
 
 
             
            