ਸ਼ਿਵ ਸੈਨਾ ’ਚ ਦੋਫਾੜ ਹੋਣ ਤੋਂ ਪਹਿਲਾਂ ਊਧਵ ਤੇ ਰਾਜ ਵਿਚਾਲੇ ਸੁਲ੍ਹਾ ਚਾਹੁੰਦੇ ਸਨ ਸ਼ਿੰਦੇ: ਸੰਜੈ ਰਾਊਤ
Shiv Sena (UBT) ਆਗੂ ਸੰਜੈ ਰਾਉੂਤ ਨੇ ਅੱਜ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਜਦੋਂ ਅਣਵੰਡੀ ਸ਼ਿਵ ਸੈਨਾ ਦਾ ਹਿੱਸਾ ਸਨ, ਤਾਂ ਉਨ੍ਹਾਂ (ਸ਼ਿੰਦੇ) ਨੇ ਭਾਜਪਾ ਨੂੰ ‘ਰੋਕਣ’ ਲਈ ਉਨ੍ਹਾਂ (ਰਾਊਤ) ਨੂੰ ਚਚੇਰੇ ਭਰਾਵਾਂ ਊਧਵ ਅਤੇ ਰਾਜ ਠਾਕਰੇ ਵਿਚਕਾਰ ਸੁਲ੍ਹਾ ਕਰਵਾਉਣ ਲਈ ਕਿਹਾ ਸੀ।
ਸੈਨਾ (ਯੂਬੀਟੀ) ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਆਪਣੇ ਹਫਤਾਵਾਰੀ ਕਾਲਮ 'Rokthok' ਵਿੱਚ ਰਾਊਤ ਨੇ ਕਿਹਾ ਕਿ ਸ਼ਿੰਦੇ ਹੁਣ ਨਾਖੁਸ਼ ਹਨ ਕਿ ਠਾਕਰੇ ਚਚੇਰੇ ਭਰਾ ਇਕੱਠੇ ਹੋ ਗਏ ਹਨ।
ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਦੇ ਪ੍ਰਧਾਨ ਰਾਜ ਠਾਕਰੇ ਆਪਣੇ ਮਤਭੇਦ ਭੁਲਾ ਕੇ ਕੁਝ ਮਹੀਨਿਆਂ ਤੋਂ ਜਨਤਕ ਤੌਰ ’ਤੇ ਇਕੱਠੇ ਦਿਖਾਈ ਦੇ ਰਹੇ ਹਨ। ਕਿਆਫੇ ਲੱਗ ਰਹੇ ਹਨ ਉਹ ਸੂਬੇ ’ਚ ਅਗਾਮੀ ਨਗਰ ਨਿਗਮ ਚੋਣਾਂ ਲਈ ਗੱਠਜੋੜ ਕਰ ਸਕਦੇ ਹਨ।
ਦੋਵਾਂ ਪਾਰਟੀਆਂ ਦੇ ਆਗੂਆਂ ਅਨੁਸਾਰ ਦਿਹਾਤੀ ਅਤੇ ਸ਼ਹਿਰੀ ਬਾਡੀ ਚੋਣਾਂ (ਜੋ 31 ਜਨਵਰੀ, 2026 ਤੋਂ ਪਹਿਲਾਂ ਹੋਣੀਆਂ ਹਨ) ਤੋਂ ਪਹਿਲਾਂ ਦੋਵਾਂ ਪਾਰਟੀਆਂ ਲਈ ਇਕੱਠੇ ਹੋਣਾ ਹੁਣ ਸਿਰਫ਼ ਇੱਕ ਰਸਮੀ ਕਾਰਵਾਈ ਰਹਿ ਗਈ ਹੈ।
ਰਾਊਤ ਨੇ ਆਪਣੇ ਕਾਲਮ ਵਿੱਚ ਕਿਹਾ, ‘‘ਸ਼ਿੰਦੇ ਅਤੇ (ਸ਼ਿਵ ਸੈਨਾ ਮੰਤਰੀ) ਪ੍ਰਤਾਪ ਸਰਨਾਇਕ ਨੇ ਮੈਨੂੰ ਪਹਿਲਾਂ ਵੀ ਕਈ ਵਾਰ ਰਾਜ ਅਤੇ ਊਧਵ ਠਾਕਰੇ ਵਿਚਾਲੇ ਸੁਲ੍ਹਾ ਕਰਵਾਉਣ ਲਈ ਆਖਿਆ ਸੀ। ਉਨ੍ਹਾਂ ਕਿਹਾ ਸੀ ਕਿ ਮਹਾਰਾਸ਼ਟਰ ’ਚ ਭਾਜਪਾ ਨੂੰ ਰੋਕਣ ਲਈ ਦੋਵਾਂ ਚਚੇਰੇ ਭਰਾਵਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਉਹ ਸਹੀ ਸਨ।
ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਸਰਨਾਇਕ ਅਤੇ ਸ਼ਿੰਦੇ ਦੋਵੇਂ ਊਧਵ ਠਾਕਰੇ ਦੀ ਰਿਹਾਇਸ਼ Matoshri ਤੋਂ ਆਗਿਆ ਲਏ ਬਿਨਾਂ ਰਾਜ ਠਾਕਰੇ ਨੂੰ ਮਿਲਣ ਗਏ ਸਨ। ਉਨ੍ਹਾਂ ਨੇ ਸ਼ਿੰਦੇ ’ਤੇ ਆਪਣੇ ਫਾਇਦੇ ਲਈ ਊਧਵ ਠਾਕਰੇ ਨਾਲ ਧੋਖਾ ਕਰਨ ਦਾ ਦੋਸ਼ ਲਾਇਆ।
ਰਾਊਤ ਨੇ ਦੋਸ਼ ਲਾਇਆ ਕਿ ਸ਼ਿੰਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਫੜਨਵੀਸ ਸ਼ਿਵ ਸੈਨਾ ਦੇ ਮੁੱਖ ਆਗੂਆਂ ਤੇ ਉਨ੍ਹਾਂ ਦੇ ਆਦਮੀਆਂ ਨੂੰ ਆਪਣੇ ਨੇੜੇ-ਤੇੜੇ ਨਹੀਂ ਦੇਖਣਾ ਚਾਹੁੰਦੇ। ਉਨ੍ਹਾਂ ਦਾਅਵਾ ਕੀਤਾ ਕਿ ਚਚੇਰੇ ਭਰਾਵਾਂ ਦੇ ਇਕੱਠੇ ਹੋਣ ਮਗਰੋਂ ਸ਼ਿੰਦੇ ਦੀ ਸਥਿਤੀ ਵਿਗੜ ਗਈ ਅਤੇ ਮਰਾਠੀ ਏਕਤਾ ਮਜ਼ਬੂਤ ਹੋਈ ਹੈ।
