ਪਵਾਰ ਨੂੰ ਵਿੱਤ ਮੰਤਰਾਲਾ ਨਾ ਸੌਂਪਣ ਦੀ ਸ਼ਿੰਦੇ ਧੜੇ ਨੇ ਕੀਤੀ ਸੀ ਅਪੀਲ: ਰਾਊਤ
ਮੁੰਬਈ, 15 ਜੁਲਾਈ
ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੇਂਦਰੀ ਸੱਤਾ ’ਤੇ ਕਾਬਜ਼ ਭਾਜਪਾ ਨੂੰ ਅਪੀਲ ਕੀਤੀ ਸੀ ਕਿ ਮਹਾਰਾਸ਼ਟਰ ਸਰਕਾਰ ਵਿੱਚ ਅਜੀਤ ਪਵਾਰ ਨੂੰ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਨਾ ਸੌਂਪੀ ਜਾਵੇ ਪਰ ਭਾਜਪਾ ਨਹੀਂ ਮੰਨੀ। ਸ੍ਰੀ ਰਾਊਤ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨੂੰ ਇਹ ਵੀ ਕਿਹਾ ਗਿਆ ਜੇਕਰ ਅਜੀਤ ਪਵਾਰ ਨੂੰ ਵਿੱਤ ਮੰਤਰਾਲਾ ਸੌਂਪਣ ਨਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਕੁਝ ਮੁੱਦੇ (ਵੱਖਰੇਵੇਂ) ਹਨ ਤਾਂ ਉਸ (ਅਜੀਤ ਪਵਾਰ) ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਵੀ ਅਦਲਾ-ਬਦਲੀ ਕੀਤੀ ਜਾ ਸਕਦੀ ਹੈ। ਇਸ ਸਬੰਧ ਵਿੱਚ ਜਦੋਂ ਅਜੀਤ ਪਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਊਤ ਨੇ ਕਿਹਾ, ‘‘ਉਹ (ਸ਼ਿੰਦੇ ਧੜਾ) ਦਿੱਲੀ ਗਏ ਸਨ ਪਰ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਨਹੀਂ ਕੀਤਾ ਗਿਆ। ਦਿੱਲੀ ਤੋਂ ਜਵਾਬ ਮਿਲਿਆ ਕਿ ਅਜੀਤ ਪਵਾਰ ਨੂੰ ਵਿੱਤ ਮੰਤਰਾਲਾ ਸੌਂਪਣ ’ਤੇ ਐੱਨਸੀਪੀ ਨਾਲ ਕੁਝ ਮੁੱਦੇ ਹਨ ਤਾਂ ਵਿੱਤ ਮੰਤਰਾਲੇ ਨੂੰ ਸ਼ਿੰਦੇ ਧੜੇ ਵੱਲੋ ਖੁਦ ਆਪਣੇ ਕੋਲ ਰੱਖ ਲਿਆ ਜਾਵੇ ਤੇ ਮੁੱਖ ਮੰਤਰੀ ਦਾ ਅਹੁਦਾ ਅਜੀਤ ਪਵਾਰ ਨਾਲ ਬਦਲ ਲਿਆ ਜਾਵੇ। ਕਾਬਿਲੇਗੌਰ ਹੈ ਕਿ ਬੀਤੇ ਦਿਨ ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਸੀ ਤੇ ਵਿੱਤ ਤੇ ਯੋਜਨਾ ਮੰਤਰਾਲਾ ਅਜੀਤ ਪਵਾਰ ਨੂੰ ਸੋਂਪਿਆ ਗਿਆ ਸੀ। ਇਸੇ ਦੌਰਾਨ ਸੰਜੈ ਰਾਊਤ ਨੇ ਸੂਬਾਈ ਕੈਬਨਿਟ ’ਚ ਅਜੀਤ ਪਵਾਰ ਦੇ ਸ਼ਾਮਲ ਹੋਣ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਸ ਨੂੰ ਵਿੱਤ ਮੰਤਰਾਲਾ ਸੌਂਪਣ ਵਿੱਚ ਸ਼ਿੰਦੇ ਧੜੇ ਦੀ ਮਜਬੂਰੀ ਝਲਕਦੀ ਹੈ। ਨਾਸਿਕ ਵਿੱਚ ਅਜੀਤ ਪਵਾਰ ਨੇ ਕਿਹਾ ਕਿ ਸੂਬੇ ਵਿੱਚ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹ ਮੰਤਰਾਲਿਆਂ ਦੀ ਵੰਡ ਤੋਂ ਖੁਸ਼ ਹਨ ਤੇ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਮੁੱਖ ਮੰਤਰੀ ਹੀ ਟਿੱਪਣੀ ਕਰ ਸਕਦੇ ਹਨ। -ਪੀਟੀਆਈ
ਮੋਦੀ ਨਾਲ 18 ਨੂੰ ਮੁਲਾਕਾਤ ਕਰਨਗੇ ਅਜੀਤ ਪਵਾਰ
ਨਾਸਿਕ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 18 ਜੁਲਾਈ ਨੂੰ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ ਅਤੇ ਉਹ ਇਸ ਮੀਟਿੰਗ ਵਿੱਚ ਮਹਾਰਾਸ਼ਟਰ ਦੇ ਕਿਸਾਨਾਂ ਦੇ ਮਸਲਿਆਂ ਬਾਰੇ ਚਰਚਾ ਕਰਨਗੇ। ਵਿੱਤ ਮੰਤਰੀ ਬਣਾਏ ਜਾਣ ਬਾਰੇ ਅਜੀਤ ਨੇ ਕਿਹਾ ਕਿ ਉਹ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਵਿਧਾਇਕ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੀ ਗਈ ਵਿਭਾਗਾਂ ਦੀ ਵੰਡ ਤੋਂ ਖੁਸ਼ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ, ‘‘ਮੈਂ 18 ਜੁਲਾਈ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਾਂਗਾ। ਮੀਟਿੰਗ ਦੌਰਾਨ ਮੈਂ ਉਨ੍ਹਾਂ ਕੋਲ ਕਿਸਾਨਾਂ ਨਾਲ ਸਬੰਧਤ ਵੱਖ ਵੱਖ ਮੁੱਦਿਆਂ ਨੂੰ ਚੁੱਕਾਂਗਾ। ਐੱਨਸੀਪੀ ਆਗੂ ਪ੍ਰਫੁੱਲ ਪਟੇਲ ਅਤੇ ਮੈਂ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਮੀਟਿੰਗ ਵਿੱਚ ਹਿੱਸਾ ਲਵਾਂਗੇ।’’ ਉਪ ਮੁੱਖ ਮੰਤਰੀ ਅਜੀਤ ਪਵਾਰ ‘ਸ਼ਾਸਨ ਅਪਲਿਆ ਦਾਰੀ’ (ਸਰਕਾਰ ਆਪ ਕੇ ਦੁਆਰ) ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਨਾਸਿਕ ਪਹੁੰਚੇ ਹੋਏ ਸਨ। -ਪੀਟੀਆਈ