ਸ਼ਿਬੂ ਸੋਰੇਨ ਦਾ ਰਾਜਕੀ ਸਨਮਾਨ ਨਾਲ ਜੱਦੀ ਪਿੰਡ ਨੇਮਰਾ ’ਚ ਬਾਅਦ ਦੁਪਹਿਰ ਹੋਵੇਗਾ ਸਸਕਾਰ
ਬਜ਼ੁਰਗ ਕਬਾਇਲੀ ਆਗੂ ਤੇ ਝਾਰਖੰਡ ਮੁਕਤੀ ਮੋਰਚਾ ਦੇ ਸਹਿ-ਬਾਨੀ ਸ਼ਿਬੂ ਸੋਰੇਨ, ਜਿਨ੍ਹਾਂ ਨੂੰ ‘ਦਿਸ਼ੋਮ ਗੁਰੂ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਉਨ੍ਹਾਂ ਦੇ ਰਾਮਗੜ੍ਹ ਜ਼ਿਲ੍ਹੇ ਵਿਚ ਜੱਦੀ ਪਿੰਡ ਨੇਮਰਾ ਵਿਚ ਪੂਰੀ ਰਾਜਕੀ ਸਨਮਾਨ ਨਾਲ ਹੋਵੇਗਾ।
ਸ਼ਿਬੂ ਸੋਰੇਨ ਨੇ ਸੋਮਵਾਰ ਨੂੰ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਏ ਸਨ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰਨਾਂ ਸਿਆਸੀ ਹਸਤੀਆਂ ਤੇ ਆਗੂਆਂ ਨੇ ਹਸਪਤਾਲ ਜਾ ਕੇ ਸੋਰੇਨ ਨੂੰ ਸ਼ਰਧਾਂਜਲੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਦੇ ਅੰਤਿਮ ਸੰਸਕਾਰ ਲਈ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ, ਜੋ ਰਾਜਧਾਨੀ ਰਾਂਚੀ ਤੋਂ ਕਰੀਬ 70 ਕਿਲੋਮੀਟਰ ਦੂਰ ਹੈ, ਵਿੱਚ ਕੀਤੀਆਂ ਜਾ ਰਹੀਆਂ ਹਨ।
ਝਾਰਖੰਡ ਮੁਕਤੀ ਮੋਰਚਾ ਦੇ ਸਹਿ-ਸੰਸਥਾਪਕ ਸੋਰੇਨ, ਜੋ ਕਿ ਗੁਰਦੇ ਨਾਲ ਸਬੰਧਤ ਸਮੱਸਿਆਵਾਂ ਕਰਕੇ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ, ਦਾ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਦੁਪਹਿਰ ਨੂੰ ਕੀਤਾ ਜਾਵੇਗਾ।
ਰਾਮਗੜ੍ਹ ਦੇ ਡਿਪਟੀ ਕਮਿਸ਼ਨਰ ਅਤੇ ਐੱਸਪੀ ਸਮੇਤ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਨੇਮਰਾ ਦਾ ਦੌਰਾ ਕੀਤਾ। ਅੰਤਿਮ ਸੰਸਕਾਰ ਲਈ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰ ਕਈ ਸਿਆਸੀ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਗੁਰੂ ਜੀ ਦੇ ਦੇਹਾਂਤ ਮਗਰੋਂ ਨੇਮਰਾ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ, ਉਨ੍ਹਾਂ ਦੀ ਦੇਹ ਨੂੰ ਸਵੇਰੇ 9 ਵਜੇ ਦੇ ਕਰੀਬ ਲੋਕਾਂ ਦੇ ਅੰਤਿਮ ਦਰਸ਼ਨ ਲਈ ਝਾਰਖੰਡ ਵਿਧਾਨ ਸਭਾ ਕੰਪਲੈਕਸ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦਾ ਦੇਹਾਂਤ ਇੱਕ ਪਰਿਭਾਸ਼ਤ ਸਿਆਸੀ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ, ਜਿਸ ਨੇ ਝਾਰਖੰਡ ਦੇ ਜ਼ਮੀਨੀ ਪੱਧਰ ਤੋਂ ਆਦਿਵਾਸੀ ਅੰਦੋਲਨ ਨੂੰ ਰਾਸ਼ਟਰੀ ਰਾਜਨੀਤੀ ਦੇ ਮੋਹਰੀ ਸਥਾਨ ’ਤੇ ਲਿਆਂਦਾ। ਸ਼ਿਬੂ ਸੋਰੇਨ ਪਿਛਲੇ 38 ਸਾਲਾਂ ਤੋਂ ਜੇਐਮਐਮ ਦੇ ਆਗੂ ਸਨ।
ਸਤਿਕਾਰ ਵਜੋਂ ਝਾਰਖੰਡ ਸਰਕਾਰ ਨੇ 6 ਅਗਸਤ ਤੱਕ ਤਿੰਨ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ। ਝਾਰਖੰਡ ਦੇ ਜ਼ਿਆਦਾਤਰ ਸਕੂਲ ਮੰਗਲਵਾਰ ਨੂੰ ਬੰਦ ਹਨ। ਮੌਜੂਦਾ ਸੰਸਦ ਮੈਂਬਰ ਸ਼ਿਬੂ ਸੋਰੇਨ ਦੀ ਮੌਤ ਤੋਂ ਬਾਅਦ, ਸਤਿਕਾਰ ਵਜੋਂ ਸੋਮਵਾਰ ਨੂੰ ਰਾਜ ਸਭਾ ਦੀ ਕਾਰਵਾਈ ਵੀ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਸੀ। ਝਾਰਖੰਡ ਅਸੈਂਬਲੀ ਦਾ 1 ਅਗਸਤ ਨੂੰ ਸ਼ੁਰੂ ਹੋਇਆ ਪੰਜ ਰੋਜ਼ਾ ਮੌਨਸੂਨ ਇਜਲਾਸ ਸ਼ਿਬੂ ਸੋਰੇਨ ਦੀ ਮੌਤ ਮਗਰੋਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।