ਸ਼ਹੀਦ-ਏ-ਆਜ਼ਮ ਭਗਤ ਸਿੰੰਘ ਦਾ ਜਨਮ ਦਿਹਾੜਾ ਅੱਜ
ਪਾਕਿਸਤਾਨ ਦੀ ਲਾਹੌਰ ਹਾਈ ਕੋਰਟ ਵਿੱਚ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਮਨਾਇਆ ਗਿਆ ਤੇ ਉਨ੍ਹਾਂ ਨੂੰ ਭਾਰਤ ਤੇ ਪਾਕਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨ ਦੇਣ ਦੀ ਮੰਗ ਕੀਤੀ ਗਈ। ਭਗਤ ਸਿੰਘ ਦਾ ਜਨਮ ਸੰਨ 1907 ’ਚ ਅਣਵੰਡੇ ਭਾਰਤ ਦੇ ਲਾਇਲਪੁਰ, ਜਿਸ ਨੂੰ ਹੁਣ ਫ਼ੈਸਲਾਬਾਦ ਕਿਹਾ ਜਾਂਦਾ ਹੈ ਦੇ ਪਿੰਡ ਬੰਗਾ ਵਿੱਚ ਹੋਇਆ ਸੀ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ, ਜਿਨ੍ਹਾਂ ਨੇ ਭਗਤ ਸਿਘ ਦੀ ਤਸਵੀਰ ਵਾਲੀ ਕਮੀਜ਼ ਪਹਿਨੀ ਹੋਈ ਸੀ, ਨੇ ਹਾਈ ਕੋਰਟ ਦੇ ਹੋਰ ਵਕੀਲਾਂ ਨਾਲ ਮਿਲ ਕੇ ਲਾਹੌਰ ਹਾਈ ਕੋਰਟ ਦੇ ਲਾਅਨ ’ਚ ਕੇਕ ਕੱਟਿਆ ਅਤੇ ਸ਼ਾਂਤਮਈ ਨਾਅਰੇ ਲਾਏ। ਹਾਜ਼ਰੀਨਾਂ ਨੇ ਭਗਤ ਸਿੰਘ ਨੂੰ ‘‘ਭਾਰਤ ਅਤੇ ਪਾਕਿਸਤਾਨ ਲਈ ਸਾਂਝਾ ਨਾਇਕ’’ ਕਰਾਰ ਦਿੱਤਾ ਅਤੇ ਮਤਾ ਪਾਸ ਕਰਦਿਆਂ ਭਗਤ ਸਿੰਘ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ ਸਰਵਉੱਚ ਨਾਗਰਿਕ ਐਵਾਰਡ ‘ਭਾਰਤ ਰਤਨ’ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੋਂ ਮੁਲਕ ਦਾ ਸਰਵਉੱਚ ਐਵਾਰਡ ‘ਨਿਸ਼ਾਨ-ਏ-ਪਾਕਿਸਤਾਨ’ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਭਗਤ ਸਿੰਘ ਦੀ ਜੀਵਨੀ ਸਿੱਖਿਆ ਪਾਠਕ੍ਰਮ ਸ਼ਾਮਲ ਕਰਨ, ਉਨ੍ਹਾਂ ਦੀ ਯਾਦ ’ਚ ਟਿਕਟ ਤੇ ਸਿੱਕਾ ਜਾਰੀ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਲਾਹੌਰ ’ਚ ਇੱਕ ਵੱਡੀ ਸੜਕ ਦਾ ਨਾਮਕਰਨ ਉਨ੍ਹਾਂ (ਸ਼ਹੀਦ ਭਗਤ ਸਿੰਘ) ਦੇ ਨਾਮ ’ਤੇ ਕੀਤਾ ਜਾਣਾ ਚਾਹੀਦਾ ਹੈ। ਕੁਰੈਸ਼ੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ਾਦਮਾਨ ਚੌਕ ਜਿੱਥੇ ਭਗਤ ਸਿੰਘ ਨੂੰ (ਬਰਤਾਨਵੀ ਸ਼ਾਸਕਾਂ ਵੱਲੋਂ 23 ਮਾਰਚ 1923 ਨੂੰ) ਫਾਂਸੀ ਦਿੱਤੀ ਗਈ ਸੀ, ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਣਾ ਚਾਹੀਦਾ ਹੈ।