‘ਵੋਟ ਚੋਰੀ’ ਬਾਰੇ ‘ਦਬਾਅ’ ਹੇਠ ਸੀ ਸ਼ਾਹ: ਰਾਹੁਲ ਗਾਂਧੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਵੋਟੀ ਚੋਰੀ’ ਬਾਰੇ ਉਨ੍ਹਾਂ ਦੀਆਂ ਪ੍ਰੈੱਸ ਕਾਨਫਰੰਸਾਂ ਨੂੰ ਲੈ ਕੇ ਸੰਸਦ ਵਿਚ ਬਹਿਸ ਦੀ ਚੁਣੌਤੀ ਦਿੱਤੀ। ਗਾਂਧੀ ਨੂੰ ਹਾਲਾਂਕਿ ਸੱਤਾਧਿਰ ਵੱਲੋੋਂ ਕੋਈ ਜਵਾਬ ਨਹੀਂ ਮਿਲਿਆ। ਲੋਕ ਸਭਾ ਵਿੱਚ ਚੋਣ ਸੁਧਾਰਾਂ ’ਤੇ ਬਹਿਸ ਦੌਰਾਨ ਉਨ੍ਹਾਂ ਅਤੇ ਸ਼ਾਹ ਵਿਚਕਾਰ ਤਿੱਖੀ ਬਹਿਸ ਤੋਂ ਇੱਕ ਦਿਨ ਬਾਅਦ ਗਾਂਧੀ ਨੇ ਦਾਅਵਾ ਕੀਤਾ ਕਿ ਸ਼ਾਹ ‘ਦਬਾਅ ਹੇਠ’ ਜਾਪਦੇ ਸਨ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਸੰਸਦ ਭਵਨ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਕਿਹਾ, ‘‘ਉਨ੍ਹਾਂ (ਸ਼ਾਹ) ਗਲਤ ਭਾਸ਼ਾ ਦੀ ਵਰਤੋਂ ਕੀਤੀ, ਉਨ੍ਹਾਂ ਦੇ ਹੱਥ ਕੰਬ ਰਹੇ ਸਨ, ਤੁਸੀਂ ਇਹ ਸਭ ਦੇਖਿਆ ਹੋਵੇਗਾ। ਉਹ ਮਾਨਸਿਕ ਤੌਰ ’ਤੇ ਦਬਾਅ ਹੇਠ ਹੈ ਜੋ ਸੰਸਦ ਵਿੱਚ ਦੇਖਿਆ ਗਿਆ, ਪੂਰੇ ਦੇਸ਼ ਨੇ ਦੇਖਿਆ।’’ ਗਾਂਧੀ ਨੇ ਕਿਹਾ, ‘‘ਮੈਂ ਜੋ ਗੱਲਾਂ ਕਹੀਆਂ ਹਨ, ਉਨ੍ਹਾਂ ਬਾਰੇ ਉਨ੍ਹਾਂ(ਸ਼ਾਹ) ਨੇ ਕੋਈ ਗੱਲ ਨਹੀਂ ਕੀਤੀ, ਕੋਈ ਸਬੂਤ ਨਹੀਂ ਦਿੱਤਾ। ਅਸੀਂ ਇਹ ਗੱਲਾਂ ਪ੍ਰੈਸ ਕਾਨਫਰੰਸਾਂ ਵਿੱਚ ਜਨਤਕ ਤੌਰ ’ਤੇ ਕਹੀਆਂ ਹਨ। ਮੈਂ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਚੁਣੌਤੀ ਦਿੱਤੀ ਹੈ ਕਿ ਉਹ ਸਾਨੂੰ ਸੰਸਦ ਵਿੱਚ ਆਪਣੀਆਂ ਪ੍ਰੈੱਸ ਕਾਨਫਰੰਸਾਂ ਬਾਰੇ ਚਰਚਾ ਕਰਨ ਦੇਣ। ਜਵਾਬ ਨਹੀਂ ਮਿਲਿਆ। ਤੁਸੀਂ ਅਸਲੀਅਤ ਜਾਣਦੇ ਹੋ।’’ ਗਾਂਧੀ ਨੇ ਬੁੱਧਵਾਰ ਨੂੰ ਬਹਿਸ ਦੌਰਾਨ ਗ੍ਰਹਿ ਮੰਤਰੀ ਦੇ ਜਵਾਬ ਨੂੰ ‘ਪੂਰੀ ਤਰ੍ਹਾਂ ਰੱਖਿਆਤਮਕ’ ਦੱਸਦਿਆਂ ਕਿਹਾ ਕਿ ‘ਵੋਟ ਚੋਰੀ’ ‘ਸਭ ਤੋਂ ਵੱਡਾ ਦੇਸ਼ਧ੍ਰੋਹ’ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਵੱਲੋਂ ਉਠਾਏ ਗਏ ਕਿਸੇ ਵੀ ਨੁਕਤੇ ਦਾ ਜਵਾਬ ਨਹੀਂ ਦਿੱਤਾ ਅਤੇ ਪਾਰਦਰਸ਼ੀ ਵੋਟਰ ਸੂਚੀਆਂ, ਈਵੀਐਮ ਅਤੇ ਮੁੱਖ ਚੋਣ ਕਮਿਸ਼ਨਰ ਨੂੰ ਛੋਟ ਦੇਣ ਸਮੇਤ ਟਾਲ-ਮਟੋਲ ਕਰਦੇ ਰਹੇ। ਗਾਂਧੀ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਚੋਣ ਸੁਧਾਰਾਂ ’ਤੇ ਬਹਿਸ ਦੌਰਾਨ ਲੋਕ ਸਭਾ ਵਿੱਚੋਂ ਵਾਕਆਊਟ ਕੀਤਾ। ਮਗਰੋਂ ਐਕਸ ’ਤੇ ਇੱਕ ਪੋਸਟ ਵਿੱਚ ਗਾਂਧੀ ਨੇ ਕਿਹਾ ਕਿ ‘ਵੋਟ ਚੋਰੀ’ ਬਾਰੇ ਸੰਸਦ ਵਿੱਚ ਗ੍ਰਹਿ ਮੰਤਰੀ ਦਾ ਜਵਾਬ ‘ਘਬਰਾਹਟ ਵਾਲਾ’ ਅਤੇ ‘ਰੱਖਿਆਤਮਕ’ ਸੀ।
