ਪਹਿਲਗਾਮ ’ਚ ਸੁਰੱਖਿਆ ਕੁਤਾਹੀ ਦੀ ਜ਼ਿੰਮੇਵਾਰੀ ਲੈਣ ਸ਼ਾਹ: ਖੜਗੇ
ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਸ ‘ਸੁਰੱਖਿਆ ਕੁਤਾਹੀ’ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਿਸ ਕਾਰਨ ਪਹਿਲਗਾਮ ’ਚ ਅਤਿਵਾਦੀ ਹਮਲਾ ਹੋਇਆ। ਉਨ੍ਹਾਂ ਮੰਗ ਕੀਤੀ ਕਿ ਇਸ ਲਈ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਜੋ ਵੀ ਜ਼ਿੰਮੇਵਾਰ ਹੈ ਉਸ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ। ਰਾਜ ਸਭਾ ’ਚ ‘ਅਪਰੇਸ਼ਨ ਸਿੰਧੂਰ’ ਬਾਰੇ ਚਰਚਾ ’ਚ ਹਿੱਸਾ ਲੈਂਦਿਆਂ ਉਨ੍ਹਾਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਉਸ ਬਿਆਨ ਦਾ ਹਵਾਲਾ ਦਿੰਦਿਆਂ ਸਰਕਾਰ ’ਤੇ ਹਮਲਾ ਕੀਤਾ ਜਿਸ ’ਚ ਉਨ੍ਹਾਂ ਅਤਿਵਾਦੀ ਹਮਲੇ ਦੀ ਵਜ੍ਹਾ ਬਣੀ ਸੁਰੱਖਿਆ ਕੁਤਾਹੀ ਦੀ ਗੱਲ ਸਵੀਕਾਰ ਕੀਤੀ ਸੀ।
ਖੜਗੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਕਿਸਤਾਨ ਨਾਲ ਸਾਲਸੀ ਤੇ ਜੰਗਬੰਦੀ ਕਰਾਉਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ’ਤੇ ਵੀ ਸਵਾਲ ਚੁੱਕਿਆ ਤੇ ਪੁੱਛਿਆ ਕਿ ਕੀ ਭਾਰਤ ਨੇ ਪਾਕਿਸਤਾਨ ਨਾਲ ਕਿਸੇ ਤੀਜੀ ਧਿਰ ਦੀ ਸਾਲਸੀ ਸਵੀਕਾਰ ਕੀਤੀ ਹੈ। ਖੜਗੇ ਨੇ ਕਿਹਾ, ‘ਹਾਊਡੀ ਮੋਦੀ, ਨਮਸਤੇ ਟਰੰਪ ਦੇ ਬਾਵਜੂਦ ਭਾਰਤ ਦੇ ਰਣਨੀਤਕ ਹਿੱਤ ਸੁਰੱਖਿਅਤ ਨਹੀਂ ਰਹੇ ਕਿਉਂਕਿ ਇੰਨੀ ਡੂੰਘੀ ਦੋਸਤੀ ਦੇ ਬਾਵਜੂਦ ਕੋਈ ਵੀ ਤੁਹਾਡੇ ਨਾਲ ਖੜ੍ਹਾ ਨਹੀਂ ਹੋਇਆ। ਕਿਸੇ ਵੀ ਦੇਸ਼ ਨੇ, ਇੱਥੋਂ ਤੱਕ ਕਿ ਅਮਰੀਕਾ ਨੇ ਵੀ ਖੁੱਲ੍ਹੇ ਤੌਰ ’ਤੇ ਪਾਕਿਸਤਾਨ ਦੀ ਨਿੰਦਾ ਨਹੀਂ ਕੀਤੀ। ਇਸ ਤੋਂ ਪਤਾ ਲਗਦਾ ਹੈ ਕਿ ਕਿਸੇ ਨੇ ਤੁਹਾਡੀ ਹਮਾਇਤ ਨਹੀਂ ਕੀਤੀ।’ ਉਨ੍ਹਾਂ ਪੁੱਛਿਆ ਕਿ ਭਾਰਤ ਨੇ ਵਿਸ਼ਵ ਬੈਂਕ ਤੇ ਆਈਐੱਮਐੱਫ ਵੱਲੋਂ ਪਾਕਿਸਤਾਨ ਨੂੰ ਦਿੱਤੇ ਗਏ ਆਰਥਿਕ ਪੈਕੇਜ ’ਤੇ ਇਤਰਾਜ਼ ਕਿਉਂ ਨਹੀਂ ਜਤਾਇਆ। ਵਿਰੋਧੀ ਧਿਰ ਦੇ ਨੇਤਾ ਨੇ ਸਰਕਾਰ ਨੂੰ ਸਵਾਲ ਪੁੱਛਿਆ ਕਿ ਜਦੋਂ ਪਾਕਿਸਤਾਨ ਬੈਕਫੁੱਟ ’ਤੇ ਸੀ ਤਾਂ ਭਾਰਤ ਨੇ ਜੰਗਬੰਦੀ ਕਿਉਂ ਸਵੀਕਾਰ ਕੀਤੀ ਅਤੇ ਜੰਗਬੰਦੀ ਦੀਆਂ ਸ਼ਰਤਾਂ ਕੀ ਹਨ। ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਅਪਰੇਸ਼ਨ ਸਿੰਧੂਰ ਦੌਰਾਨ ਅਮਰੀਕਾ ਨੇ ਦਖਲ ਦਿੱਤਾ ਸੀ ਅਤੇ ਅਜਿਹਾ ਕਿਸ ਦੇ ਕਹਿਣ ’ਤੇ ਕੀਤਾ ਗਿਆ ਸੀ। ਖੜਗੇ ਨੇ ਕਿਹਾ ਕਿ ਸਰਕਾਰ ਨੂੰ ਪਹਿਲਗਾਮ ਅਤਿਵਾਦੀ ਹਮਲੇ ਬਾਰੇ ਰਿਪੋਰਟ ਜਾਰੀ ਕਰਨ ਚਾਹੀਦੀ ਹੈ ਜਿਸ ਤਰ੍ਹਾਂ ਕਾਰਗਿਲ ਜੰਗ ਤੋਂ ਬਾਅਦ ਕੀਤੀ ਗਈ ਸੀ। ਖੜਗੇ ਨੇ ਭਾਜਪਾ ਸੰਸਦ ਮੈਂਬਰਾਂ ਤੇ ਮੰਤਰੀਆਂ ਵੱਲੋਂ ਦੇਸ਼ ਦੇ ਹਥਿਆਰਬੰਦ ਬਲਾਂ ਦਾ ਅਪਮਾਨ ਕਰਨ ਸਮੇਂ ਪ੍ਰਧਾਨ ਮੰਤਰੀ ਦੀ ਚੁੱਪ ’ਤੇ ਸਵਾਲ ਚੁੱਕੇ ਅਤੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰਨ ਤੇ ਉਨ੍ਹਾਂ ਨੂੰ ਭਗਵਾਨ ਦੀ ਤਰ੍ਹਾਂ ਮੰਨਣ ਲਈ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜਮਹੂਰੀ ਢੰਗ ਨਾਲ ਚੁਣੇ ਗਏ ਲੋਕਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਪਰ ਉਨ੍ਹਾਂ ਨੂੰ ਭਗਵਾਨ ਦੇ ਬਰਾਬਰ ਦਰਜਾ ਨਹੀਂ ਦਿੱਤਾ ਜਾਣਾ ਚਾਹੀਦਾ।
ਨੱਢਾ ਨੇ ਖੜਗੇ ਤੋਂ ਮੁਆਫ਼ੀ ਮੰਗਦਿਆਂ ਆਪਣੇ ਸ਼ਬਦ ਵਾਪਸ ਲਏ
ਨਵੀਂ ਦਿੱਲੀ: ਰਾਜ ਸਭਾ ’ਚ ਅੱਜ ਉਸ ਸਮੇਂ ਕਾਂਗਰਸ ਦੇ ਮੈਂਬਰਾਂ ਨੇ ਭਾਰੀ ਹੰਗਾਮਾ ਕੀਤਾ ਜਦੋਂ ਸਦਨ ਦੇ ਨੇਤਾ ਜੇਪੀ ਨੱਢਾ ਨੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਬਾਰੇ ਇੱਕ ਇਤਰਾਜ਼ਯੋਗ ਟਿੱਪਣੀ ਕੀਤੀ। ਨੱਢਾ ਨੇ ਹਾਲਾਂਕਿ ਬਾਅਦ ਵਿੱਚ ਆਪਣੇ ਸ਼ਬਦ ਵਾਪਸ ਲੈਂਦਿਆਂ ਖੜਗੇ ਤੋਂ ਮੁਆਫੀ ਮੰਗ ਲਈ। ਨੱਢਾ ਨੇ ਖੜਗੇ ’ਤੇ ‘ਮਾਨਸਿਕ ਤਵਾਜ਼ਨ ਗੁਆਉਣ’ ਦਾ ਦੋਸ਼ ਲਾਇਆ ਸੀ। ਪਹਿਲਗਾਮ ਅਤਿਵਾਦੀ ਹਮਲੇ ਤੇ ਅਪਰੇਸ਼ਨ ਸਿੰਧੂਰ ਬਾਰੇ ਸਦਨ ’ਚ ਚਰਚਾ ਦੌਰਾਨ ਕਾਂਗਰਸ ਪ੍ਰਧਾਨ ਖੜਗੇ ਨੇ ਲੰਮਾ ਭਾਸ਼ਣ ਦਿੱਤਾ। ਨੱਢਾ ਨੇ ਇਸੇ ਦੌਰਾਨ ਇੱਕ ਅਜਿਹਾ ਇਤਰਾਜ਼ਯੋਗ ਸ਼ਬਦ ਕਿਹਾ ਕਿ ਜਿਸ ’ਤੇ ਕਾਂਗਰਸ ਦੇ ਮੈਂਬਰ ਨਾਰਾਜ਼ ਹੋ ਗਏ ਤੇ ਸਦਨ ’ਚ ਕੁਝ ਦੇਰ ਹੰਗਾਮਾ ਵੀ ਹੋਇਆ। ਖੜਗੇ ਨੇ ਸ਼ਬਦ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਨੱਢਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮਗਰੋਂ ਨੱਢਾ ਨੇ ਕਿਹਾ, ‘ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ। ਤੁਹਾਡੀ ਭਾਵਨਾ ਨੂੰ ਠੇਸ ਪੁੱਜੀ ਹੈ ਤਾਂ ਉਸ ਲਈ ਮੁਆਫੀ ਵੀ ਮੰਗਦਾ ਹਾਂ ਪਰ ਭਾਵੁਕਤਾ ’ਚ ਤੁਸੀਂ ਵੀ ਵਹਿ ਗਏ ਸੀ।’ -ਪੀਟੀਆਈ