ਜਿਨਸੀ ਸ਼ੋਸ਼ਣ: ਚੈਤੰਨਯਨੰਦ ਨੂੰ ਪੰਜ ਦਿਨਾ ਪੁਲੀਸ ਹਿਰਾਸਤ ’ਤੇ ਭੇਜਿਆ
ਦਿੱਲੀ ਦੀ ਇੱਕ ਨਿੱਜੀ ਸੰਸਥਾ ’ਚ 17 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਲੋੜੀਂਦੇ ਮੁਲਜ਼ਮ ਅਖੌਤੀ ਧਰਮਗੁਰੂ ਚੈਤੰਨਯਨੰਦ ਸਰਸਵਤੀ ਨੂੰ ਅੱਜ ਇੱਥੋਂ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਪੰਜ ਦਿਨ ਲਈ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਪੁਲੀਸ ਨੇ 62 ਸਾਲਾ ਮੁਲਜ਼ਮ ਨੂੰ ਬਾਅਦ ਦੁਪਹਿਰ 3.40 ਵਜੇ ਡਿਊਟੀ ਮੈਜਿਸਟਰੇਟ ਰਵੀ ਦੇ ਸਾਹਮਣੇ ਪੇਸ਼ ਕੀਤਾ। ਦਿੱਲੀ ਪੁਲੀਸ ਦੀ ਇੱਕ ਟੀਮ ਨੂੰ ਚੈਤੰਨਯਨੰਦ ਦੇ ਆਗਰਾ ’ਚ ਹੋਣ ਦਾ ਪਤਾ ਲੱਗਾ ਸੀ ਜਿਸ ਮਗਰੋਂ ਇੱਕ ਟੀਮ ਬਣਾ ਕੇ ਉਸ ਨੂੰ ਉੱਥੋਂ ਦੇ ਇੱਕ ਹੋਟਲ ’ਚੋਂ ਤੜਕੇ 3.30 ਵਜੇ ਦੇ ਕਰੀਬ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਪੁਲੀਸ ਨੇ ਉਸ ਦੀ ਅੱਠ ਕਰੋੜ ਰੁਪਏ ਦੀ ਜਾਇਦਾਦ ‘ਫਰੀਜ਼’ ਕਰ ਦਿੱਤੀ ਸੀ। ਐੱਫ ਆਈ ਆਰ ਅਨੁਸਾਰ ਦੱਖਣੀ-ਪੱਛਮੀ ਦਿੱਲੀ ਸਥਿਤ ਇੱਕ ਮੈਨੇਜਮੈਂਟ ਸੰਸਥਾ ਦੇ ਸਾਬਕਾ ਮੁਖੀ ਚੈਤੰਨਯਨੰਦ ਨੇ ਕਥਿਤ ਤੌਰ ’ਤੇ ਵਿਦਿਆਰਥਣਾਂ ਨੂੰ ਦੇਰ ਰਾਤ ਆਪਣੀ ਰਿਹਾਇਸ਼ ’ਤੇ ਆਉਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਨੂੰ ਇਤਰਾਜ਼ਯੋਗ ਸੁਨੇਹੇ ਭੇਜੇ। ਐੱਫ ਆਈ ਆਰ ਅਨੁਸਾਰ ਉਹ ਕਥਿਤ ਤੌਰ ’ਤੇ ਆਪਣੇ ਫੋਨ ਰਾਹੀਂ ਵਿਦਿਆਰਥਣਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਸੀ। ਐੱਫ ਆਈ ਆਰ ’ਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਕਥਿਤ ਤੌਰ ’ਤੇ ਵੱਖ ਵੱਖ ਨਾਵਾਂ ਤੇ ਵੇਰਵਿਆਂ ਦੀ ਵਰਤੋਂ ਕਰਕੇ ਕਈ ਬੈਂਕ ਖਾਤੇ ਖੁੱਲ੍ਹਵਾਏ ਤੇ ਆਪਣੇ ਖ਼ਿਲਾਫ਼ ਐੱਫ ਆਈ ਆਰ ਦਰਜ ਹੋਣ ਤੋਂ ਬਾਅਦ 50 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਕੱਢ ਲਈ। ਉਸ ’ਤੇ ਦੋਸ਼ ਹੈ ਕਿ ਉਸ ਨੇ ਖਾਤਾ ਖੁੱਲ੍ਹਵਾਉਂਦੇ ਸਮੇਂ ਕਥਿਤ ਤੌਰ ’ਤੇ ਵੱਖ ਵੱਖ ਵੇਰਵਿਆਂ ਵਾਲੇ ਦਸਤਾਵੇਜ਼ ਜਮ੍ਹਾਂ ਕਰਵਾਏ। -ਪੀਟੀਆਈ