ਸ਼ਿਮਲਾ, ਲਾਹੌਲ ਤੇ ਸਪਿਤੀ ’ਚ ਬੱਦਲ ਫਟਣ ਕਾਰਨ ਕਈ ਪੁਲ ਰੁੜ੍ਹੇ
ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ ਤੇ ਅਚਾਨਕ ਹੜ੍ਹ ਆਉਣ ਦੀਆਂ ਘਟਨਾਵਾਂ ਤੋਂ ਬਾਅਦ ਸ਼ਿਮਲਾ ਅਤੇ ਲਾਹੌਲ ਤੇ ਸਪਿਤੀ ਜ਼ਿਲ੍ਹਿਆਂ ’ਚ ਕਈ ਪੁਲ ਰੁੜ੍ਹ ਗਏ ਹਨ ਜਦਕਿ ਦੋ ਕੌਮੀ ਰਾਜਮਾਰਗਾਂ ਸਮੇਤ 300 ਤੋਂ ਵੱਧ ਸੜਕਾਂ ਆਵਾਜਾਈ ਲਈ ਬੰਦ ਕਰਨੀਆਂ ਪਈਆਂ ਹਨ। ਦੂਜੇ ਪਾਸੇ ਉੱਤਰਾਖੰਡ ਦੇ ਆਫ਼ਤ ਪ੍ਰਭਾਵਿਤ ਧਰਾਲੀ ’ਚ ਲਾਪਤਾ ਲੋਕਾਂ ਲਈ ਭਾਲ ਤੇ ਬਚਾਅ ਮੁਹਿੰਮ ਖਰਾਬ ਮੌਸਮ ਦੇ ਵਿਚਾਲੇ ਅੱਜ ਨੌਵੇਂ ਦਿਨ ਵੀ ਜਾਰੀ ਰਹੀ।
ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਗਾਨਵੀ ਘਾਟੀ ’ਚ ਹੜ੍ਹ ਵਿੱਚ ਇੱਕ ਪੁਲੀਸ ਚੌਕੀ ਰੁੜ੍ਹ ਗਈ ਜਦਕਿ ਸ਼ਿਮਲਾ ਜ਼ਿਲ੍ਹੇ ’ਚ ਭਾਰੀ ਮੀਂਹ ਮਗਰੋਂ ਇੱਕ ਬੱਸ ਸਟੈਂਡ ਤੇ ਨੇੜਲੀਆਂ ਦੁਕਾਨਾਂ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਘਟਨਾਵਾਂ ’ਚ ਦੋ ਪੁਲ ਰੁੜ੍ਹ ਗਏ ਜਿਸ ਨਾਲ ਜ਼ਿਲ੍ਹੇ ਦੀ ਕੂਟ ਤੇ ਕਯਾਵ ਪੰਚਾਇਤਾਂ ਦਾ ਸੰਪਰਕ ਟੁੱਟ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਬਾਇਲੀ ਜ਼ਿਲ੍ਹੇ ਲਾਹੌਲ ਤੇ ਸਪਿਤੀ ਦੀ ਮਿਆਡ ਘਾਟੀ ਦੇ ਕਰਪਟ, ਚਾਂਗੁਤ ਤੇ ਉਦਗੋਸ ਨਾਲੇ ’ਚ ਬੱਦਲ ਫਟਣ ਮਗਰੋਂ ਆਏ ਹੜ੍ਹ ਕਾਰਨ ਦੋ ਹੋਰ ਪੁਲ ਰੁੜ੍ਹ ਗਏ। ਉਨ੍ਹਾਂ ਦੱਸਿਆ ਕਿ ਕਰਪਟ ਪਿੰਡ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ ਹੈ।
ਸਥਾਨਕ ਮੌਸਮ ਵਿਭਾਗ ਨੇ 14 ਅਗਸਤ ਨੂੰ ਸੂਬੇ ਦੇ ਤਿੰਨ ਜ਼ਿਲ੍ਹਿਆਂ ਚੰਬਾ, ਕਾਂਗੜਾ ਤੇ ਮੰਡੀ ’ਚ ਵੱਖ ਵੱਖ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ‘ਔਰੇਂਜ ਅਲਰਟ’ ਜਾਰੀ ਕੀਤਾ ਹੈ। ਵਿਭਾਗ ਨੇ ਸ਼ੁੱਕਰਵਾਰ ਤੋਂ ਐਤਵਾਰ ਤੱਕ ਚਾਰ ਤੋਂ ਛੇ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ। 20 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਸੂਬੇ ਨੂੰ 2031 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਉੱਤਰਾਖੰਡ ਦੇ ਆਫ਼ਤ ਪ੍ਰਭਾਵਿਤ ਧਰਾਲੀ ’ਚ ਲਾਪਤਾ ਹੋਏ ਲੋਕਾਂ ਦਾ ਪਤਾ ਲਾਉਣ ਲਈ ਭਾਲ ਤੇ ਬਚਾਅ ਮੁਹਿੰਮ ਖਰਾਬ ਮੌਸਮ ਵਿਚਾਲੇ ਅੱਜ ਨੌਵੇਂ ਦਿਨ ਵੀ ਜਾਰੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਸੈਨਾ, ਐੱਨਡੀਆਰਐੱਫ, ਐੱਸਡੀਆਰਐੱਫ, ਆਈਟੀਬੀਪੀ, ਬੀਆਰਓ ਤੇ ਕਈ ਹੋਰ ਕੇਂਦਰੀ ਦੇ ਸੂਬਾਈ ਏਜੰਸੀਆਂ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ।
ਰਿਸ਼ੀਕੇਸ਼ ’ਚ ਢਿੱਗਾਂ ਡਿੱਗਣ ਮਗਰੋਂ ਦੋ ਲਾਪਤਾ
ਰਿਸ਼ੀਕੇਸ਼: ਰਿਸ਼ੀਕੇਸ਼-ਨੀਲਕੰਠ ਮਾਰਗ ’ਤੇ ਢਿੱਗਾਂ ਡਿੱਗਣ ਦੀ ਘਟਨਾ ’ਚ ਅੱਜ ਦੋ ਵਿਅਕਤੀ ਲਾਪਤਾ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਲਕਸ਼ਮਣ ਝੂਲਾ ਥਾਣੇ ਦੇ ਐੱਸਐੱਚਓ ਸੰਤੋਸ਼ ਪੈਥਵਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਮਗਰੋਂ ਗੰਗਾ ਖਤਰੇ ਦੇ ਨਿਸ਼ਾਨ ਨੇੜੇ ਵਹਿ ਰਹੀ ਹੈ। ਇਸ ਲਈ ਖਦਸ਼ਾ ਹੈ ਕਿ ਇਹ ਲੋਕ ਤੇਜ਼ ਵਹਾਅ ’ਚ ਰੁੜ੍ਹ ਗਏ ਹੋਣਗੇ। ਉਨ੍ਹਾਂ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਮੁਹਿੰਮ ਜਾਰੀ ਹੈ। -ਪੀਟੀਆਈ