ਸਨਸਨੀਖੇਜ਼ ਖੁਲਾਸੇ ਹੋਣਗੇ: ਨੀਰਵ ਮੋਦੀ
ਛੇ ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਬਰਤਾਨੀਆ ਦੀ ਅਦਾਲਤ ਨੂੰ ਦੱਸਿਆ ਕਿ ਜਦੋਂ ਅਗਲੇ ਮਹੀਨੇ ਲੰਡਨ ਵਿੱਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ’ਤੇ ਉਸ ਦੀ ਭਾਰਤੀ ਨੂੰ ਹਵਾਲਗੀ ਸਬੰਧੀ ਮਾਮਲੇ ਦੀ ਸੁਣਵਾਈ ਦੁਬਾਰਾ ਸ਼ੁਰੂ ਹੋਵੇਗੀ ਤਾਂ ਇਸ ਵਿੱਚ ਸਨਸਨੀਖੇਜ਼ ਖੁਲਾਸੇ ਹੋਣਗੇ।
54 ਸਾਲਾ ਨੀਰਵ ਮੋਦੀ ਨੂੰ ਅੱਜ ਰੌਇਲ ਕੋਰਟਸ ਆਫ ਜਸਟਿਸ ਵਿੱਚ ਹਾਈ ਕੋਰਟ ਦੇ ਜੱਜ ਸਾਈਮਨ ਟਿੰਕਲਰ ਸਾਹਮਣੇ ਇੱਕ ਹੋਰ ਮਾਮਲੇ ’ਚ ਆਪਣਾ ਪੱਖ ਪੇਸ਼ ਕਰਨ ਲਈ ਪੇਸ਼ ਕੀਤਾ ਗਿਆ। ਇਹ ਮਾਮਲਾ ਬੈਂਕ ਆਫ ਇੰਡੀਆ ਦੇ 80 ਲੱਖ ਡਾਲਰ ਤੋਂ ਵੱਧ ਦੇ ਬਕਾਇਆ ਕਰਜ਼ੇ ਨਾਲ ਸਬੰਧਿਤ ਹੈ। ਜੱਜ ਨੇ ਜੇਲ੍ਹ ਵਿੱਚ ਤਕਨੀਕੀ ਅਤੇ ਮੈਡੀਕਲ ਪਾਬੰਦੀਆਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ’ਤੇ ਰੋਕ ਲਗਾਉਣ ਸਬੰਧੀ ਨੀਰਵ ਮੋਦੀ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ। ਬਰਤਾਨੀਆ ਦੀ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀ ਪੀ ਐੱਸ) ਨੇ ਪੁਸ਼ਟੀ ਕੀਤੀ ਹੈ ਕਿ ਨੀਰਵ ਨੇ ਆਪਣੀ (ਹਵਾਲਗੀ) ਅਪੀਲ ਮੁੜ ਖੋਲ੍ਹਣ ਲਈ ਅਰਜ਼ੀ ਦਾਇਰ ਕੀਤੀ ਹੈ ਜਿਸ ਵਿੱਚ ਭਾਰਤੀ ਅਧਿਕਾਰੀਆਂ ਨੇ ਨਵੰਬਰ ਦੇ ਅਖ਼ੀਰ ਵਿੱਚ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਆਪਣਾ ਜਵਾਬ ਦਾਅਵਾ ਪੇਸ਼ ਕੀਤਾ ਹੈ। ਦੂਜੇ ਪਾਸੇ ਬੈਂਕ ਦੇ ਵਕੀਲ ਬੈਰਿਸਟਰ ਟੌਮ ਬੀਸਲੇਅ ਨੇ ਦਲੀਲ ਦਿੱਤੀ ਕਿ ਕਾਰਵਾਈ ’ਤੇ ਰੋਕ ਲਗਾਉਣਾ ਬੈਂਕ ਲਈ ਬੇਇਨਸਾਫ਼ੀ ਹੋਵੇਗੀ ਕਿਉਂਕਿ ਇਹ ਲੰਬੇ ਸਮੇਂ ਤੋਂ ਲਟਕ ਰਹੇ ਦਾਅਵੇ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦੇਵੇਗਾ। -ਪੀਟੀਆਈ