ਟਰੰਪ ਦੇ ਟੈਕਸ ਤੇ ਖਰਚਾ ਕਟੌਤੀ ਬਿੱਲ ਲਈ ਸੈਨੇਟ ’ਚ ਵੋਟਿੰਗ
ਵਾਸ਼ਿੰਗਟਨ, 29 ਜੂਨ
ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ’ਚ ਟੈਕਸ ਛੋਟ, ਖਰਚਾ ਕਟੌਤੀ ਅਤੇ ਡਿਪੋਰਟੇਸ਼ਨ ਫੰਡਾਂ ਸਬੰਧੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿੱਲ ਨੇ ਬੜੀ ਮੁਸ਼ਕਿਲ ਨਾਲ ਇੱਕ ਅਹਿਮ ਪੜਾਅ ਪਾਰ ਕਰ ਲਿਆ ਹੈ। ਇਸ ਬਿੱਲ ਨੂੰ ਪਾਸ ਕਰਨ ਲਈ ਨਿਰਧਾਰਤ ਸਮਾਂ ਸੀਮਾ ਚਾਰ ਜੁਲਾਈ ਹੈ।
ਲੰਘੀ ਦੇਰ ਰਾਤ ਸੈਨੇਟ ਦੀ ਮੀਟਿੰਗ ਦੌਰਾਨ ਇਸ ਗੇੜ ਤਹਿਤ ਹੋਈ ਵੋਟਿੰਗ ਦੌਰਾਨ ਬਿੱਲ ਦੇ ਹੱਕ ’ਚ 51 ਜਦਕਿ ਵਿਰੋਧ ’ਚ 49 ਵੋਟਾਂ ਪਈਆਂ। ਦੋਵੇਂ ਵੋਟਾਂ ਬਰਾਬਰ ਹੋਣ ਦੀ ਸੂਰਤ ’ਚ ‘ਟਾਈ ਬਰੇਕ’ ਲਈ ਉਪ ਰਾਸ਼ਟਰਪਤੀ ਜੇਡੀ ਵੈਂਸ ਸਦਨ ’ਚ ਮੌਜੂਦ ਸਨ। ਵਿਰੋਧੀ ਸੰਸਦ ਮੈਂਬਰ ਗੱਲਬਾਤ ਲਈ ਇਕੱਠੇ ਹੋਏ ਤਾਂ ਸੰਦਨ ’ਚ ਸਥਿਤੀ ਤਣਾਅ ਭਰੀ ਹੋ ਗਈ ਅਤੇ ਰੁਕਾਵਟ ਪੈਣ ਕਾਰਨ ਕਈ ਘੰਟੇ ਵੋਟਿੰਗ ਰੁਕੀ ਰਹੀ। ਅੰਤ ਵਿੱਚ ਦੋ ਰਿਪਬਲਿਕਨ ਮੈਂਬਰਾਂ ਨੇ ਸਾਰੇ ਡੈਮੋਕਰੈਟਸ ਨਾਲ ਮਿਲ ਕੇ ਅੱਗੇ ਵਧਣ ਦੇ ਮਤੇ ਦਾ ਵਿਰੋਧ ਕੀਤਾ। ਕਈ ਰਿਪਬਲਿਕਨ ਸੰਸਦ ਮੈਂਬਰ ਬਿੱਲ ’ਤੇ ਖੁੱਲ੍ਹੀ ਬਹਿਸ ਕਰਾਉਣ ਦਾ ਵਿਰੋਧ ਕਰ ਰਹੇ ਹਨ। ਰਿਪਬਲਿਕਨ ਸੰਸਦ ਮੈਂਬਰ ਸਦਨ ’ਚ ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਨੂੰ ਕਿਨਾਰੇ ਕਰਨ ਲਈ ਆਪਣੇ ਬਹੁਮਤ ਦੀ ਵਰਤੋਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਕਈ ਸਿਆਸੀ ਤੇ ਨੀਤੀਗਤ ਨਾਕਾਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਰੇ ਰਿਪਬਲਿਕਨ ਸੰਸਦ ਮੈਂਬਰ ਮੈਡੀਕੇਡ, ਖੁਰਾਕੀ ਟਿਕਟਾਂ ਤੇ ਹੋਰ ਪ੍ਰੋਗਰਾਮਾਂ ’ਤੇ ਖਰਚਾ ਘਟਾਉਣ ਦੇ ਮਤਿਆਂ ਨਾਲ ਸਹਿਮਤ ਨਹੀਂ ਹਨ ਤਾਂ ਜੋ ਟਰੰਪ ਨੂੰ ਟੈਕਸ ਛੋਟ ’ਚ ਤਕਰੀਬਨ 3.8 ਖਰਬ ਅਮਰੀਕੀ ਡਾਲਰ ਦੇ ਵਾਧੇ ਦੀ ਲਾਗਤ ਨੂੰ ਘਟਾਉਣ ’ਚ ਮਦਦ ਮਿਲ ਸਕੇ।
ਬਿੱਲ ਦੇ ਸੈਨੇਟ ’ਚ ਪਾਸ ਹੋਣ ’ਚ ਕੁਝ ਦਿਨ ਲਗ ਸਕਦੇ ਹਨ ਅਤੇ ਬਿੱਲ ਨੂੰ ਵ੍ਹਾਈਟ ਹਾਊਸ ਭੇਜੇ ਜਾਣ ਤੋਂ ਪਹਿਲਾਂ ਆਖਰੀ ਦੌਰ ਦੀ ਵੋਟਿੰਗ ਲਈ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ’ਚ ਪੇਸ਼ ਕਰਨਾ ਹੋਵੇਗਾ। ਪ੍ਰਤੀਨਿਧ ਸਭਾ ਤੇ ਸੈਨੇਟ ’ਚ ਰਿਪਬਲਿਕਨ ਪਾਰਟੀ ਕੋਲ ਭਾਰੀ ਬਹੁਮਤ ਨਹੀਂ ਹੈ। ਅਜਿਹੇ ਵਿੱਚ ਬਿੱਲ ਪਾਸ ਕਰਨ ਲਈ ਡੈਮੋਕਰੈਟਿਕ ਪਾਰਟੀ ਦੇ ਇਕਜੁੱਟ ਵਿਰੋਧ ਦਾ ਸਾਹਮਣਾ ਕਰਨ ਲਈ ਰਿਪਬਲਿਕਨ ਪਾਰਟੀ ਨੂੰ ਆਪਣੇ ਹਰ ਸੰਸਦ ਮੈਂਬਰ ਦੀ ਲੋੜ ਹੋਵੇਗੀ। -ਏਪੀ