ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੇਸ਼ ਦੀ ਸੁਰੱਖਿਆ ਦੀ ਕੀਮਤ ’ਤੇ ਆਤਮ-ਨਿਰਭਰਤਾ ਨਹੀਂ: ਏਅਰ ਮਾਰਸ਼ਲ ਏਪੀ ਸਿੰਘ

ਤੇਜਸ ਜੰਗੀ ਜਹਾਜ਼ ਹਵਾਈ ਸੈਨਾ ਹਵਾਲੇ ਕਰਨ ’ਚ ਦੇਰੀ ’ਤੇ ਉਠਾਏ ਸਵਾਲ
Advertisement

* ਕੌਮੀ ਰਾਜਧਾਨੀ ਵਿੱਚ ਸੈਮੀਨਾਰ ਨੂੰ ਕੀਤਾ ਸੰਬੋਧਨ

ਅਜੈ ਬੈਨਰਜੀ

Advertisement

ਨਵੀਂ ਦਿੱਲੀ, 19 ਜੁਲਾਈ

ਇਕ ਪਾਸੇ ਜਿੱਥੇ ਭਾਰਤੀ ਹਵਾਈ ਸੈਨਾ ਵਿੱਚ ਜੰਗੀ ਜਹਾਜ਼ਾਂ ਦੀ ਘਾਟ ਹੈ ਉੱਥੇ ਹੀ ਦੇਸ਼ ਵਿੱਚ ਬਣੇ ਤੇਜਸ ਜੰਗੀ ਜਹਾਜ਼ਾਂ ਨੂੰ ਹਵਾਈ ਸੈਨਾ ਹਵਾਲੇ ਕਰਨ ਦਾ ਕੰਮ ਨਿਸ਼ਚਿਤ ਸਮੇਂ ਨਾਲੋਂ ਪਛੜ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਏਅਰ ਮਾਰਸ਼ਲ ਏਪੀ ਸਿੰਘ ਨੇ ਅੱਜ ਇਸ ਸਬੰਧ ਵਿੱਚ ਕਿਹਾ, ‘‘ਦੇਸ਼ ਦੀ ਸੁਰੱਖਿਆ ਦੀ ਕੀਮਤ ’ਤੇ ਆਤਮ-ਨਿਰਭਰਤਾ ਦਾ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ। ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾਂ ਤੇ ਸਭ ਤੋਂ ਅੱਗੇ ਹੈ।’’ ਉਹ ਅੱਜ ਇੱਥੇ ਇਕ ਸੈਮੀਨਾਰ ਵਿੱਚ ਬੋਲ ਰਹੇ ਸਨ।

ਏਅਰ ਮਾਰਸ਼ਲ ਏਪੀ ਸਿੰਘ ਨੇ ਕਿਹਾ, ‘‘ਆਤਮ-ਨਿਰਭਰਤਾ ਦੀ ਹਰ ਪਾਸੇ ਚਰਚਾ ਹੈ ਪਰ ਦੇਸ਼ ਦੀ ਸੁਰੱਖਿਆ ਦੀ ਕੀਮਤ ’ਤੇ ਇਸ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ ਹੈ। ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ।’’ ਉਨ੍ਹਾਂ ਕਿਹਾ ਕਿ ਜੇ ਭਾਰਤੀ ਹਵਾਈ ਸੈਨਾ ਜਾਂ ਭਾਰਤੀ ਸੁਰੱਖਿਆ ਬਲ ਇਸ ਆਤਮ-ਨਿਰਭਰਤਾ ਨੂੰ ਹਾਸਲ ਕਰਨਾ ਚਾਹੁੰਦੇ ਹਨ ਤਾਂ ਇਹ ਉਦੋਂ ਹੀ ਸੰਭਵ ਹੈ ਜਦੋਂ ਡਿਫੈਂਸ ਖੋਜ ਵਿਕਾਸ ਸੰਸਥਾ ਤੋਂ ਲੈ ਕੇ ਰੱਖਿਆ ਖੇਤਰ ਵਿਚਲੀਆਂ ਜਨਤਕ ਖੇਤਰ ਦੀਆਂ ਇਕਾਈਆਂ ਅਤੇ ਨਿੱਜੀ ਸਨਅਤ ਹੱਥ ਮਿਲਾਉਣ ਅਤੇ ਸਾਨੂੰ ਉਸ ਰਾਹ ’ਤੇ ਲੈ ਕੇ ਚੱਲਣ ਤੇ ਸਾਨੂੰ ਆਤਮ-ਨਿਰਭਰਤਾ ਦੇ ਰਾਹ ਤੋਂ ਭਟਕਾਉਣ ਨਾ। ਕਿਉਂਕਿ ਜਦੋਂ ਦੇਸ਼ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਅਜੋਕੇ ਸੰਸਾਰ ਵਿੱਚ ਰਹਿਣ ਲਈ ਲੋੜੀਂਦੀਆਂ ਪ੍ਰਣਾਲੀਆਂ ਜਾਂ ਹਥਿਆਰ ਜਾਂ ਉਹ ਚੀਜ਼ਾਂ ਜਿਨ੍ਹਾਂ ਦੀ ਸਾਨੂੰ ਲੋੜ ਹੈ, ਜੇ ਉਹ ਸਾਨੂੰ ਨਹੀਂ ਮਿਲਦੀਆਂ ਤਾਂ ਇਸ ਆਤਮ-ਨਿਰਭਰਤਾ ਦੇ ਰਾਹ ਤੋਂ ਭਟਕਣਾ ਜ਼ਰੂਰੀ ਹੋ ਜਾਂਦਾ ਹੈ।’’

ਹਵਾਈ ਸੈਨਾ ਦੇ ਉਪ ਮੁਖੀ ਨੇ ਕਿਹਾ, ‘‘ਜਿਸ ਰਫ਼ਤਾਰ ਨਾਲ ਸਾਡੇ ਵਿਰੋਧੀ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਕਰਦੇ ਹੋਏ ਹਥਿਆਰਾਂ ਤੇ ਹੋਰ ਜੰਗੀ ਸਾਜ਼ੋ-ਸਾਮਾਨ ਦੀ ਗਿਣਤੀ ਵਧਾ ਰਹੇ ਹਨ, ਉਸ ਨਾਲ ਸਮਰੱਥਾ ਦਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਤਕਨੀਕੀ ਤਰੱਕੀ ਆਪਣੀ ਰਫ਼ਤਾਰ ਨਾਲ ਸਾਨੂੰ ਲਗਾਤਾਰ ਹੈਰਾਨ ਕਰ ਰਹੀ ਹੈ। ਜੰਗ ਵਿੱਚ ਤਕਨਾਲੋਜੀ ਨਿਵੇਸ਼ ਦੇ ਪ੍ਰਭਾਵ ਨੇ ਇਹ ਸ਼ੀਸ਼ੇ ਵਾਂਗ ਸਾਫ਼ ਕਰ ਦਿੱਤਾ ਹੈ ਕਿ ਜੰਗ ਦੀ ਰਣਨੀਤੀ ਅਤੇ ਉਸ ’ਤੇ ਅਮਲ ਵਿੱਚ ਚੁਸਤੀ ਤੇ ਲਚਕਤਾ ਚਾਹੀਦੀ ਹੈ।’’ ਉਨ੍ਹਾਂ ਦੇ ਇਹ ਵਿਚਾਰ ਰੱਖਿਆ ਮੰਤਰਾਲੇ ਵੱਲੋਂ ਹਿੰਦੁਸਤਾਨ ਐਰੋਨੌਟਿਕਲ ਲਿਮਿਟਡ (ਐੱਚਏਐੱਲ) ਨੂੰ ਮਾਰਚ 2025 ਤੱਕ 18 ਤੇਜਸ ਮਾਰਕ-1ਏ ਜੰਗੀ ਜਹਾਜ਼ ਫ਼ੌਜ ਹਵਾਲੇ ਕਰਨ ਲਈ ਕਹੇ ਜਾਣ ਤੋਂ ਦੋ ਮਹੀਨੇ ਬਾਅਦ ਆਏ ਹਨ। ‘ਟ੍ਰਿਬਿਊਨ ਪ੍ਰਕਾਸ਼ ਸਮੂਹ’ ਨੇ 16 ਮਈ ਦੇ ਆਪਣੇ ਅੰਕ ਵਿੱਚ ਇਸ ਸਬੰਧੀ ਖ਼ਬਰ ਛਾਪੀ ਸੀ।

ਐੱਚਏਐੱਲ ਜਿਸ ਦਾ ਹੈੱਡਕੁਆਰਟਰ ਬੰਗਲੂਰੂ ਵਿੱਚ ਹੈ, ਨੇ ਰੱਖਿਆ ਮੰਤਰਾਲੇ ਵੱਲੋਂ ਆਰਡਰ ਕੀਤੇ 83 ਤੇਜਸ ਜੰਗੀ ਜਹਾਜ਼ਾਂ ’ਚੋਂ ਅਜੇ ਤੱਕ ਪਹਿਲੀ ਖੇਪ ਵੀ ਮੰਤਰਾਲੇ ਨੂੰ ਨਹੀਂ ਦਿੱਤੀ ਹੈ। ਐੱਚਏਐੱਲ ਨੂੰ 48,000 ਕਰੋੜ ਰੁਪਏ ਦਾ ਇਹ ਆਰਡਰ ਫਰਵਰੀ 2021 ਵਿੱਚ ਦਿੱਤਾ ਗਿਆ ਸੀ ਅਤੇ ਸਮਝੌਤਾ ਸਹੀਬੱਧ ਹੋਣ ਤੋਂ ਤਿੰਨ ਸਾਲਾਂ ਬਾਅਦ ਜਾਂ ਇਸੇ ਸਾਲ ਮਾਰਚ ਵਿੱਚ ਐੱਚਏਐੱਲ ਨੇ ਭਾਰਤੀ ਹਵਾਈ ਸੈਨਾ ਨੂੰ ਦੇੇਸ਼ੀ ਜੰਗੀ ਜਹਾਜ਼ਾਂ ਦੀ ਪਹਿਲੀ ਖੇਪ ਦੇਣੀ ਸੀ। ਰੱਖਿਆ ਮੰਤਰਾਲੇ ਨੇ ਇਕ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ ਐੱਚਏਐੱਲ ਨੂੰ 2025 ਤੱਕ 18 ਜੰਗੀ ਜਹਾਜ਼ ਦੇਣ ਦੀ ਸਮਾਂ ਸੀਮਾ ਹਾਸਲ ਲਈ ਕਿਹਾ ਸੀ।

ਹਵਾਈ ਸੈਨਾ ਵਿੱਚ ਵਧੇਰੇ ਜੰਗੀ ਜਹਾਜ਼ ਸ਼ਾਮਲ ਕਰਨ ਦੀ ਲੋੜ ਇਸ ਤੱਥ ਤੋਂ ਪਤਾ ਲੱਗਦੀ ਹੈ ਕਿ ਇਸ ਵੇਲੇ ਭਾਰਤੀ ਹਵਾਈ ਸੈਨਾ ਕੋਲ ਜੰਗੀ ਜਹਾਜ਼ਾਂ ਦੀਆਂ 31 ਸਕੁਐਡਰਨਾਂ ਹਨ ਤੇ ਹਰੇਕ ਸਕੁਐਡਰਨ ਵਿੱਚ 16-18 ਜੰਗੀ ਜਹਾਜ਼ ਹਨ। । ਇਸ ਤੋਂ ਇਲਾਵਾ 1980ਵਿਆਂ ਵਿੱਚ ਪੜਾਅਵਾਰ ਭਾਰਤੀ ਹਵਾਈ ਫ਼ੌਜ ਵਿੱਚ ਸ਼ਾਮਲ ਕੀਤੀਆਂ ਗਈਆਂ ਜੈਗੁਆਰ, ਐੱਮਆਈਜੀ-29 ਅਤੇ ਮਿਰਾਜ 2000 ਜੰਗੀ ਜਹਾਜ਼ਾਂ ਦੇ ਬੇੜਿਆਂ ਦੀ ਵੀ 2029-30 ਤੋਂ ਬਾਅਦ ਬੈਚਾਂ ਵਿੱਚ ਸੇਵਾਮੁਕਤੀ ਹੋਣੀ ਹੈ। ਚਾਰ ਤਰ੍ਹਾਂ ਦੇ ਇਨ੍ਹਾਂ ਜੰਗੀ ਜਹਾਜ਼ਾਂ ਦੀ ਗਿਣਤੀ 250 ਦੇ ਕਰੀਬ ਹੈ ਅਤੇ ਇਹ ਵੀ ਤਰਕੀਬਨ ਆਪਣੀ ਮਿਆਦ ਪੁਗਾ ਚੁੱਕੇ ਹਨ। ਯੋਜਨਾ ਮੁਤਾਬਕ, ਇਸ ਵਿੱਤੀ ਵਰ੍ਹੇ ਤੋਂ ਅਤੇ ਅਗਲੇ 14-15 ਸਾਲਾਂ ਵਿੱਚ (2038-39 ਤੱਕ), ਭਾਰਤ ਨੂੰ ਹਵਾਈ ਸੈਨਾ ਲਈ ਕਰੀਬ 390 ਦੇਸੀ ਜੰਗੀ ਜਹਾਜ਼ ਬਣਾਉਣੇ ਪੈਣੇ ਹਨ। ਭਾਰਤੀ ਹਵਾਈ ਸੈਨਾ ਕੋਲ ਪਹਿਲਾਂ ਹੀ 40 ਤੇਜਸ ਮਾਰਕ-1 ਜੰਗੀ ਜਹਾਜ਼ ਹਨ। ਤੇਜਸ ਮਾਰਕ-1ਏ ਤੇਜਸ ਜੰਗੀ ਜਹਾਜ਼ ਦਾ ਸੋਧਿਆ ਹੋਇਆ ਰੂਪ ਹੈ।

Advertisement
Tags :
Air Marshal AP SinghPunjabi Newssecurity of the countryTejas Warships