ਏਅਰ ਇੰਡੀਆ ਹਾਦਸੇ ਦੀ ਰਿਪੋਰਟ ਦਾ ਚੋਣਵਾਂ ਪ੍ਰਕਾਸ਼ਨ ਗ਼ੈਰ-ਜ਼ਿੰਮੇਵਾਰਾਨਾ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਏਅਰ ਇੰਡੀਆ ਜਹਾਜ਼ ਦੇ 12 ਜੂਨ ਨੂੰ ਹੋਏ ਹਾਦਸੇ ਬਾਰੇ ਮੁੱਢਲੀ ਰਿਪੋਰਟ ਦੇ ਚੋਣਵੇਂ ਹਿੱਸਿਆਂ ਦੇ ਪ੍ਰਕਾਸ਼ਨ ਨੂੰ ਮੰਦਭਾਗਾ ਅਤੇ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਜਿਸ ’ਚ ਗਲਤੀ ਲਈ ਪਾਇਲਟਾਂ ਨੂੰ ਨਿਸ਼ਾਨਾ ਬਣਾਉਂਦਿਆਂ ‘ਮੀਡੀਆ ਬਿਰਤਾਂਤ’ ਦਾ ਰਾਹ ਪੱਧਰਾ ਕੀਤਾ...
Advertisement
ਸੁਪਰੀਮ ਕੋਰਟ ਨੇ ਏਅਰ ਇੰਡੀਆ ਜਹਾਜ਼ ਦੇ 12 ਜੂਨ ਨੂੰ ਹੋਏ ਹਾਦਸੇ ਬਾਰੇ ਮੁੱਢਲੀ ਰਿਪੋਰਟ ਦੇ ਚੋਣਵੇਂ ਹਿੱਸਿਆਂ ਦੇ ਪ੍ਰਕਾਸ਼ਨ ਨੂੰ ਮੰਦਭਾਗਾ ਅਤੇ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਜਿਸ ’ਚ ਗਲਤੀ ਲਈ ਪਾਇਲਟਾਂ ਨੂੰ ਨਿਸ਼ਾਨਾ ਬਣਾਉਂਦਿਆਂ ‘ਮੀਡੀਆ ਬਿਰਤਾਂਤ’ ਦਾ ਰਾਹ ਪੱਧਰਾ ਕੀਤਾ ਗਿਆ ਸੀ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਹਾਦਸੇ ਦੀ ਆਜ਼ਾਦ, ਨਿਰਪੱਖ ਅਤੇ ਫੌਰੀ ਜਾਂਚ ਲਈ ਕੇਂਦਰ ਅਤੇ ਸ਼ਹਿਰੀ ਹਵਾਬਾਜ਼ੀ ਮਾਮਲਿਆਂ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਪੀੜਤਾਂ ਦੇ ਪਰਿਵਾਰਾਂ ਦੀ ਨਿੱਜਤਾ ਅਤੇ ਮਾਣ ਵੀ ਇਸ ਮਾਮਲੇ ਨਾਲ ਜੁੜੇ ਹੋਏ ਹਨ। ਸੁਪਰੀਮ ਕੋਰਟ ਨੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੀ ਮੁੱਢਲੀ ਰਿਪੋਰਟ ਦੇ ਕੁਝ ਪਹਿਲੂਆਂ ਦਾ ਨੋਟਿਸ ਲੈਂਦਿਆਂ ਕਿਹਾ ਕਿ ਜਾਂਚ ਦੇ ਨਤੀਜਿਆਂ ਨੂੰ ਛੋਟੇ-ਛੋਟੇ ਹਿੱਸਿਆਂ ਅਤੇ ਚੋਣਵੇਂ ਢੰਗ ਨਾਲ ਜਾਰੀ ਕਰਨਾ, ਜਿਸ ਨਾਲ ਮੀਡੀਆ ’ਚ ਬਿਰਤਾਂਤ ਘੜਿਆ ਗਿਆ, ਮੰਦਭਾਗਾ ਅਤੇ ਗ਼ੈਰ-ਜ਼ਿੰਮੇਵਾਰਾਨਾ ਹੈ। ਬੈਂਚ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਰਿਪੋਰਟ ਗੁਪਤ ਰਹਿਣੀ ਚਾਹੀਦੀ ਹੈ। ਗ਼ੈਰ-ਸਰਕਾਰੀ ਜਥੇਬੰਦੀ ‘ਸੇਫਟੀ ਮੈਟਰਜ਼ ਫਾਊਂਡੇਸ਼ਨ’ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਕਿ ਮੁੱਢਲੀ ਰਿਪੋਰਟ ਦੀ ਇਕ ਲਾਈਨ ’ਚ ਹਾਦਸੇ ਲਈ ਪਾਇਲਟਾਂ ਨੂੰ ਦੋਸ਼ੀ ਠਹਿਰਾਇਆ ਗਿਆ ਜਿਸ ਕਾਰਨ ਦੁਨੀਆ ਭਰ ਦੇ ਮੀਡੀਆ ’ਚ ਬਿਰਤਾਂਤ ਘੜਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕਾਂ ਨੂੰ ਹਾਦਸੇ ਦਾ ਕਾਰਨ ਪਤਾ ਨਹੀਂ ਲੱਗਦਾ, ਉਹ ਖ਼ਤਰੇ ’ਚ ਹਨ ਕਿਉਂਕਿ ਉਸ ਸਮੇਂ ਤੱਕ ਕੋਈ ਇਹਤਿਆਤੀ ਕਦਮ ਨਹੀਂ ਚੁੱਕੇ ਜਾ ਸਕਦੇ ਹਨ।
Advertisement
Advertisement