ਜੰਮੂ ’ਚ ਸੁਰੱਖਿਆ ਬਲ ਚੌਕਸ ਰਹਿਣ: ਸਿਨਹਾ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਹਥਿਆਰਬੰਦ ਬਲਾਂ ਨੂੰ ਸ਼ਾਂਤੀ ਭੰਗ ਕਰਨ ਵਾਲਿਆਂ ਖ਼ਿਲਾਫ਼ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਊਧਮਪੁਰ ਦੇ ਉੱਤਰੀ ਕਮਾਂਡ ਹਸਪਤਾਲ ਵਿੱਚ ਅੱਖਾਂ ਦੇ ਕੈਂਪ ਸਮਾਪਤ ਹੋਣ ਮੌਕੇ ਕਰਵਾਏ ਸਮਾਗਮ ’ਚ ਸ਼ਿਰਕਤ ਕਰਦਿਆਂ ਸ੍ਰੀ ਸਿਨਹਾ ਨੇ ਜ਼ੋਰ ਦੇ ਕੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਬਦਲ ਰਹੇ ਸੁਰੱਖਿਆ ਹਾਲਾਤ ਸਬੰਧੀ ਚੌਕਸ ਰਹਿਣਾ ਚਾਹੀਦਾ ਹੈ। ਇੱਥੇ ਅੱਖਾਂ ਦੇ ਕੈਂਪ ਵਿੱਚ ਊਧਮਪੁਰ, ਡੋਡਾ, ਰਾਜੌਰੀ, ਪੁੰਛ, ਕਿਸ਼ਤਵਾੜ ਤੇ ਰਾਮਬਨ ਦੇ 2 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਂਚ ਕੀਤੀ ਗਈ ਤੇ 400 ਤੋਂ ਵੱਧ ਸਰਜਰੀਆਂ ਕੀਤੀਆਂ ਗਈਆਂ। ਇੱਥੇ ਉਪ ਰਾਜਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਫ਼ੌਜ ਦੀ ਤਾਕਤ ’ਤੇ ਮਾਣ ਹੈ, ਜੋ ਦੇਸ਼ ਦੀ ਸੁਰੱਖਿਆ ਨੂੰ ਬਰਕਰਾਰ ਰੱਖਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਫੌਜ ਨੂੰ ਤੇਜ਼ੀ ਨਾਲ ਬਦਲ ਰਹੇ ਸੁਰੱਖਿਆ ਵਾਤਾਵਰਨ ਦੇ ਵਿਰੁੱਧ ਲਗਾਤਾਰ ਚੌਕਸ ਰਹਿਣਾ ਚਾਹੀਦਾ ਹੈ। ਦੇਸ਼ ਵਿੱਚ ਸ਼ਾਂਤੀ ਭੰਗ ਕਰਨ ਵਾਲੀਆਂ ਤੇ ਭਾਰਤ ਦੀ ਤਰੱਕੀ ਵਿੱਚ ਰੁਕਾਵਟ ਪਾਉਣ ਵਾਲੀਆਂ ਵਿਰੋਧੀ ਤਾਕਤਾਂ ਬੇਤਾਬ ਕੋਸ਼ਿਸ਼ਾਂ ਕਰ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਭਾਰਤੀ ਫੌਜ ਨੂੰ ਕਿਸੇ ਵੀ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।
ਆਈ ਟੀ ਬੀ ਪੀ ਦਾ 64ਵਾਂ ਸਥਾਪਨਾ ਦਿਵਸ ਮਨਾਇਆ
ਭਾਰਤ-ਤਿੱਬਤ ਸਰਹੱਦੀ ਪੁਲੀਸ (ਆਈ ਟੀ ਬੀ ਪੀ) ਨੇ ਇੱਥੇ ਊਧਮਪੁਰ ਵਿੱਚ ਆਪਣਾ 64ਵਾਂ ਸਥਾਪਨਾ ਦਿਵਸ ਮਨਾਇਆ, ਜਿਸ ਵਿੱਚ ਗ੍ਰਹਿ ਰਾਜ ਮੰਤਰੀ ਸੰਜੈ ਕੁਮਾਰ ਤੇ ਉਪ ਰਾਜਪਾਲ ਮਨੋਜ ਸਿਨਹਾ ਸ਼ਾਮਲ ਹੋਏ। ਫੌਜ ਦੇ ਉੱਤਰੀ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ, ਜੰਮੂ ਕਸ਼ਮੀਰ ਪੁਲੀਸ ਦੇ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਸਣੇ ਕਈ ਉੱਚ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ। ਗ੍ਰਹਿ ਰਾਜ ਮੰਤਰੀ ਤੇ ਉਪ ਰਾਜਪਾਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
