ਪਹਿਲਗਾਮ ਹਮਲਾਵਰਾਂ ਦੀ ਪਾਕਿਸਤਾਨੀ ਨਾਗਰਿਕਤਾ ਬਾਰੇ ਪੁਸ਼ਟੀ ਕਰਦੇ ਸਬੂਤ ਸੁਰੱਖਿਆ ਏਜੰਸੀਆਂ ਨੇ ਇਕੱਠੇ ਕੀਤੇ
ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਸਰਕਾਰ ਵੱਲੋਂ ਜਾਰੀ ਦਸਤਾਵੇਜ਼ਾਂ ਅਤੇ ਬਾਇਓਮੈਟ੍ਰਿਕ ਡਾਟਾ ਸਮੇਤ ਅਜਿਹੇ ਸਬੂਤ ਇਕੱਠੇ ਕੀਤੇ ਹਨ, ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪਹਿਲਗਾਮ ਦੇ ਘਾਤਕ ਹਮਲੇ ਵਿੱਚ ਸ਼ਾਮਲ ਤਿੰਨੇ ਮਾਰੇ ਗਏ ਵਿਦੇਸ਼ੀ ਅਤਿਵਾਦੀ ਪਾਕਿਸਤਾਨੀ ਨਾਗਰਿਕ ਸਨ। ਇਹ ਜਾਣਕਾਰੀ ਅਧਿਕਾਰੀਆਂ ਨੇ ਸੋਮਵਾਰ ਨੂੰ ਦਿੱਤੀ ਹੈ।
ਲਸ਼ਕਰ-ਏ-ਤੋਇਬਾ (LeT) ਦੇ ਸੀਨੀਅਰ ਕਾਰਕੁੰਨਾਂ ਵਜੋਂ ਪਛਾਣੇ ਗਏ ਇਹ ਅਤਿਵਾਦੀ 28 ਜੁਲਾਈ ਨੂੰ ਸ੍ਰੀਨਗਰ ਦੇ ਬਾਹਰਵਾਰ ਡਾਚੀਗਾਮ ਦੇ ਜੰਗਲ ਵਿੱਚ ਅਪਰੇਸ਼ਨ 'ਮਹਾਦੇਵ' ਦੌਰਾਨ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ। ਉਹ 22 ਅਪਰੈਲ ਨੂੰ ਪਹਿਲਗਾਮ ਦੇ ਬੈਸਰਨ ਮੈਦਾਨ ਵਿੱਚ ਹੋਏ ਹਮਲੇ ਤੋਂ ਬਾਅਦ ਡਾਚੀਗਾਮ-ਹਰਵਾਨ ਜੰਗਲੀ ਖੇਤਰ ਵਿੱਚ ਲੁਕੇ ਹੋਏ ਸਨ।
ਅਧਿਕਾਰੀਆਂ ਨੇ ਕਿਹਾ ਕਿ ਇਕੱਠੇ ਕੀਤੇ ਗਏ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਅਤਿਵਾਦੀਆਂ ਵਿੱਚ ਕੋਈ ਵੀ ਸਥਾਨਕ ਨਿਵਾਸੀ ਸ਼ਾਮਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੀ ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ (ਨਾਡਰਾ) ਦੇ ਬਾਇਓਮੈਟ੍ਰਿਕ ਰਿਕਾਰਡ, ਵੋਟਰ ਪਛਾਣ ਪਰਚੀਆਂ ਅਤੇ ਡਿਜੀਟਲ ਸੈਟੇਲਾਈਟ ਫੋਨ ਡਾਟਾ, ਜਿਸ ਵਿੱਚ ਲੌਗ ਅਤੇ ਜੀਪੀਐੱਸ ਵੇਅ-ਪੁਆਇੰਟ ਸ਼ਾਮਲ ਹਨ, ਸੁਰੱਖਿਆ ਏਜੰਸੀਆਂ ਵੱਲੋਂ ਇਕੱਠੇ ਕੀਤੇ ਗਏ ਪੁਖਤਾ ਸਬੂਤਾਂ ਵਿੱਚੋਂ ਹਨ ਜੋ ਤਿੰਨਾਂ ਅਤਿਵਾਦੀਆਂ ਦੀ ਪਾਕਿਸਤਾਨੀ ਨਾਗਰਿਕਤਾ ਦੀ ਪੁਸ਼ਟੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਮੁਕਾਬਲੇ ਤੋਂ ਬਾਅਦ ਦੀ ਜਾਂਚ ਨੇ ਪਹਿਲਗਾਮ ਹਮਲੇ ਵਿੱਚ ਅਤਿਵਾਦੀਆਂ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਪਹਿਲੀ ਵਾਰ, ਸਾਡੇ ਹੱਥ ਪਾਕਿਸਤਾਨ ਸਰਕਾਰ ਵੱਲੋਂ ਜਾਰੀ ਕੀਤੇ ਦਸਤਾਵੇਜ਼ ਲੱਗੇ ਹਨ ਜੋ ਪਹਿਲਗਾਮ ਹਮਲਾਵਰਾਂ ਦੀ ਕੌਮੀਅਤ ਨੂੰ ਬਿਨਾਂ ਕਿਸੇ ਸ਼ੱਕ ਦੇ ਸਾਬਤ ਕਰਦੇ ਹਨ।’’
ਅਧਿਕਾਰੀਆਂ ਨੇ ਦੱਸਿਆ ਕਿ ‘ਅਪਰੇਸ਼ਨ ਮਹਾਦੇਵ’ ਦੌਰਾਨ ਅਤੇ ਬਾਅਦ ਵਿੱਚ ਇਕੱਠੇ ਕੀਤੇ ਗਏ ਫੋਰੈਂਸਿਕ, ਦਸਤਾਵੇਜ਼ੀ ਅਤੇ ਗਵਾਹੀ ਸਬੂਤ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਤਿੰਨੋਂ ਹਮਲਾਵਰ ਪਾਕਿਸਤਾਨੀ ਨਾਗਰਿਕ ਅਤੇ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਕਾਰਕੁੰਨ ਸਨ ਜੋ ਹਮਲੇ ਵਾਲੇ ਦਿਨ ਤੋਂ ਹੀ ਡਾਚੀਗਾਮ-ਹਰਵਾਨ ਜੰਗਲੀ ਖੇਤਰ ਵਿੱਚ ਲੁਕੇ ਹੋਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਗੋਲੀਬਾਰੀ ਕਰਨ ਵਾਲੀ ਟੀਮ ਵਿੱਚ ਕੋਈ ਵੀ ਕਸ਼ਮੀਰੀ ਸ਼ਾਮਲ ਨਹੀਂ ਸੀ।
ਮਾਰੇ ਗਏ ਅਤਿਵਾਦੀਆਂ ਦੀ ਪਛਾਣ ਸੁਲੇਮਾਨ ਸ਼ਾਹ ਉਰਫ਼ ਫੈਜ਼ਲ ਜੱਟ (ਇੱਕ A ਸ਼੍ਰੇਣੀ ਦਾ ਅੱਤਵਾਦੀ, ਮਾਸਟਰਮਾਈਂਡ ਅਤੇ ਮੁੱਖ ਨਿਸ਼ਾਨੇਬਾਜ਼) ਉਸਦਾ ਕਰੀਬੀ ਸਾਥੀ ਅਬੂ ਹਮਜ਼ਾ ਉਰਫ਼ 'ਅਫ਼ਗਾਨ', ਏ-ਗਰੇਡ ਕਮਾਂਡਰ, ਯਾਸਿਰ ਉਰਫ਼ 'ਜਿਬਰਾਨ' ਏ-ਗਰੇਡ ਕਮਾਂਡਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਹਥਿਆਰਾਂ ਦੇ ਨਾਲ-ਨਾਲ ਸ਼ਾਹ ਅਤੇ ਹਮਜ਼ਾ ਦੀਆਂ ਜੇਬਾਂ ਵਿੱਚੋਂ ਪਾਕਿਸਤਾਨ ਚੋਣ ਕਮਿਸ਼ਨ ਵੱਲੋਂ ਜਾਰੀ ਦੋ ਲੈਮੀਨੇਟਿਡ ਵੋਟਰ ਪਰਚੀਆਂ ਵਰਗੇ ਪਾਕਿਸਤਾਨੀ ਸਰਕਾਰੀ ਦਸਤਾਵੇਜ਼ ਬਰਾਮਦ ਕੀਤੇ ਹਨ।
ਅਧਿਕਾਰੀਆਂ ਅਨੁਸਾਰ ਵੋਟਰ ਸੀਰੀਅਲ ਨੰਬਰ ਕ੍ਰਮਵਾਰ ਲਾਹੌਰ (NA-125) ਅਤੇ ਗੁਜਰਾਂਵਾਲਾ (NA-79) ਦੀਆਂ ਵੋਟਰ ਸੂਚੀਆਂ ਨਾਲ ਮੇਲ ਖਾਂਦੇ ਹਨ। -ਪੀਟੀਆਈ