ਬਿਹਾਰ ’ਚ ਦੂਜੇ ਤੇ ਆਖ਼ਰੀ ਗੇੜ ਦੀਆਂ ਵੋਟਾਂ ਅੱਜ
ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਸੂਬੇ ’ਚ ਸੁਰੱਖਿਆ ਦੇ ਇੰਤਜ਼ਾਮ ਵੱਡੇ ਪੱਧਰ ’ਤੇ ਕੀਤੇ ਗਏ ਹਨ, ਚਾਰ ਲੱਖ ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਹਨ। ਜ਼ਿਆਦਾਤਰ ਜ਼ਿਲ੍ਹੇ ਸੀਮਾਂਚਲ ਖੇਤਰ ’ਚ ਆਉਂਦੇ ਹਨ ਜਿੱਥੇ ਮੁਸਲਿਮ ਆਬਾਦੀ ਵੱਧ ਹੈ। ਇਹ ਗੇੜ ਸੱਤਾ ਤੇ ਵਿਰੋਧੀ ਧਿਰ, ਦੋਹਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇੱਕ ਪਾਸੇ ਮਹਾਗੱਠਜੋੜ ਘੱਟ ਗਿਣਤੀ ਭਾਈਚਾਰੇ ਦੀ ਹਮਾਇਤ ’ਤੇ ਭਰੋਸਾ ਕਰ ਰਿਹਾ ਹੈ, ਦੂਜੇ ਪਾਸੇ ਐੱਨ ਡੀ ਏ ਵਿਰੋਧੀ ਧਿਰ ’ਤੇ ‘ਘੁਸਪੈਠੀਆਂ ਦੀ ਰਾਖੀ’ ਦਾ ਦੋਸ਼ ਲਾ ਰਿਹਾ ਹੈ।
ਮੁੱਖ ਉਮੀਦਵਾਰਾਂ ’ਚ ਜੇ ਡੀ ਯੂ ਦੇ ਸੀਨੀਅਰ ਆਗੂ ਤੇ ਸੂਬਾਈ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੈਂਬਰ ਬਿਜੇਂਦਰ ਪ੍ਰਸਾਦ ਯਾਦਵ ਸ਼ਾਮਲ ਹਨ ਜੋ ਸੁਪੌਲ ਸੀਟ ਤੋਂ ਲਗਾਤਾਰ ਅੱਠਵੀਂ ਵਾਰ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਤੇ ਮੰਤਰੀ ਪ੍ਰੇਮ ਕੁਮਾਰ ਵੀ ਗਯਾ ਟਾਊਨ ਸੀਟ ਤੋਂ ਲਗਾਤਾਰ ਅੱਠਵੀਂ ਵਾਰ ਚੋਣ ਮੈਦਾਨ ਵਿੱਚ ਹਨ। ਪਹਿਲੇ ਗੇੜ ਦੀ ਚੋਣ ਦੌਰਾਨ 121 ਸੀਟਾਂ ’ਤੇ 65 ਫੀਸਦ ਤੋਂ ਵੱਧ ਵੋਟਾਂ ਪਈਆਂ ਸਨ।
ਅੱਠ ਸੀਟਾਂ ’ਤੇ ਜ਼ਿਮਨੀ ਚੋਣ ਅੱਜ
ਨਵੀਂ ਦਿੱਲੀ: ਪੰਜਾਬ ਦੇ ਤਰਨ ਤਾਰਨ ਸਣੇ ਸੱਤ ਸੂਬਿਆਂ ਦੀਆਂ ਅੱਠ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ 11 ਨਵੰਬਰ ਨੂੰ ਹੋਣਗੀਆਂ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੀ ਤਰਨ ਤਾਰਨ, ਜੰਮੂ ਕਸ਼ਮੀਰ ਦੀਆਂ ਬਡਗਾਮ ਤੇ ਨਗਰੋਟਾ, ਰਾਜਸਥਾਨ ਦੇ ਬਾਰਨ ਜ਼ਿਲ੍ਹੇ ਦੀ ਅੰਟਾ, ਮਿਜ਼ੋਰਮ ਦੀ ਡੰਪਾ, ਝਾਰਖੰਡ ਦੀ ਘਾਟਸ਼ਿਲਾ, ਉੜੀਸਾ ਦੀ ਨੁਪਾੜਾ ਅਤੇ ਤਿਲੰਗਾਨਾ ਦੀ ਜੁਬਲੀ ਹਿੱਲਜ਼ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਲਈ ਭਲਕੇ ਵੋਟਾਂ ਪੈਣਗੀਆਂ। ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧ ਕਰ ਲਏ ਗਏ ਹਨ। -ਪੀਟੀਆਈ
