ਅਪਰੇਸ਼ਨ ‘ਸਿੰਧੂਰ’ ਦੌਰਾਨ ਵਿਗਿਆਨੀਆਂ ਨੇ ਦਿਨ-ਰਾਤ ਕੰਮ ਕੀਤਾ: ਇਸਰੋ ਮੁਖੀ
ਇਸਰੋ ਮੁਖੀ ਵੀ. ਨਰਾਇਣਨ ਨੇ ਅੱਜ ਕਿਹਾ ਕਿ ‘ਅਪਰੇਸ਼ਨ ‘ਸਿੰਧੂਰ’ ਦੌਰਾਨ ਧਰਤੀ ਬਾਰੇ ਸੂਚਨਾ ਅਤੇ ਸੈਟੇਲਾਈਟਾਂ ਰਾਹੀਂ ਸਹਾਇਤਾ ਮੁਹੱਈਆ ਕਰਵਾਉਣ ਲਈ 400 ਤੋਂ ਵੱਧ ਵਿਗਿਆਨੀਆਂ ਨੇ ਦਿਨ-ਰਾਤ ਕੰਮ ਕੀਤਾ। ‘ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ’ (ਏਆਈਐੱਮਏ) ਦੀ 52ਵੀਂ ਕੌਮੀ ਪ੍ਰਬੰਧਨ ਕਨਵੈਨਸ਼ਨ ਮੌਕੇ ਸੰਬੋਧਨ ਕਰਦਿਆਂ ਸ੍ਰੀ ਨਰਾਇਣਨ ਨੇ ਕਿਹਾ ਕਿ ਇਸਰੋ ਨੇ ਕੌਮੀ ਸੁਰੱਖਿਆ ਲੋੜਾਂ ਲਈ ਸੈਟੇਲਾਈਟ ਡਾਟਾ ਉਪਲਬਧ ਕਰਵਾਇਆ। ਉਨ੍ਹਾਂ ਕਿਹਾ,‘ਅਪਰੇਸ਼ਨ ਸਿੰਧੂਰ ਦੌਰਾਨ ਸਾਰੇ ਸੈਟੇਲਾਈਟ 24x7 ਘੰਟੇ ਕਾਰਜਸ਼ੀਲ ਸਨ ਤੇ ਸਾਰੀਆਂ ਲੋੜਾਂ ਪੂਰੀਆਂ ਕਰ ਰਹੇ ਸਨ।’ ਉਨ੍ਹਾਂ ਕਿਹਾ ਕਿ ਅਪਰੇਸ਼ਨ ‘ਸਿੰਧੂਰ’ ਦੌਰਾਨ ਹਥਿਆਰਬੰਦ ਸੰਘਰਸ਼ਾਂ ’ਚ ਪੁਲਾੜ ਖੇਤਰ ਦੀ ਭੂਮਿਕਾ ਵੱਲ ਵਿਸ਼ੇਸ਼ ਧਿਆਨ ਗਿਆ, ਜਿਸ ਦੌਰਾਨ ਡਰੋਨ ਤੇ ਸਵਦੇਸ਼ੀ ‘ਆਕਾਸ਼ ਤੀਰ’ ਰੱਖਿਆ ਪ੍ਰਣਾਲੀ ਦੀ ਸਮਰੱਥਾ ਦੀ ਵੀ ਪਰਖ ਹੋਈ। ਸ੍ਰੀ ਨਰਾਇਣਨ ਨੇ ਕਿਹਾ ਕਿ ਇਸਰੋ ਨੇ ‘ਗਗਨਯਾਨ’ ਪ੍ਰਾਜੈਕਟ ਤਹਿਤ 7,700 ਗਰਾਊਂਡ ਟੈਸਟ ਮੁਕੰਮਲ ਕਰ ਲਏ ਹਨ, ਜਿਸ ਟੀਚਾ ਸਾਲ 2027 ਤੱਕ ਭਾਰਤ ਵੱਲੋਂ ਪੁਲਾੜ ’ਚ ਪਹਿਲੀ ਮਨੁੱਖੀ ਪੁਲਾੜ ਉਡਾਣ ਭੇਜਣਾ ਹੈ। ਇਸ ਉਡਾਣ ਤੋਂ ਪਹਿਲਾਂ 2,300 ਹੋਰ ਟੈਸਟ ਕੀਤੇ ਜਾਣਗੇ। ‘ਗਗਨਯਾਨ’ ਪ੍ਰਾਜੈਕਟ ਤਹਿਤ ਇਸਰੋ ਵੱਲੋਂ ਬਿਨਾਂ ਚਾਲਕ ਦਲ ਵਾਲੇ ਤਿੰਨ ਮਿਸ਼ਨ ਲਾਂਚ ਕੀਤੇ ਜਾਣਗੇ, ਜਿਨ੍ਹਾਂ ’ਚੋਂ ਪਹਿਲਾ ਇਸ ਵਰ੍ਹੇ ਦਸੰਬਰ ’ਚ ਮੁਕੰਮਲ ਹੋਣ ਦੀ ਆਸ ਹੈ। ਇਸ ਮਗਰੋਂ ਦੋ ਹੋਰ ਮਨੁੱਖ-ਰਹਿਤ ਮਿਸ਼ਨ ਲਾਂਚ ਕੀਤੇ ਜਾਣਗੇ। ਇਸ ਪ੍ਰਾਜੈਕਟ ਤਹਿਤ ਇਸਰੋ ਨੂੰ ਦੋ ਮਨੁੱਖੀ ਮਿਸ਼ਨਾਂ ਦੀ ਮਨਜ਼ੂਰੀ ਮਿਲ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਸਾਲ 2035 ਤੱਕ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਸਥਾਪਤ ਕਰਨ ਤੇ ਸਾਲ 2040 ਤੱਕ ਚੰਨ ’ਤੇ ਭਾਰਤੀ ਪੁਲਾੜ ਯਾਤਰੀ ਭੇਜਣ ਦਾ ਟੀਚਾ ਦਿੱਤਾ ਹੈ।