ਪੰਜਾਬ ਵਿੱਚ ਅੱਜ ਤੋਂ ਖੁੱਲ੍ਹਣਗੇ ਸਕੂਲ, ਕਲਾਸਾਂ ਭਲਕ ਤੋਂ
ਪੰਜਾਬ ਵਿੱਚ ਸਰਕਾਰੀ ਸਕੂਲ 8 ਸਤੰਬਰ ਤੋਂ ਖੁੱਲਣਗੇ ਜਦੋਂ ਕਿ ਕਲਾਸਾਂ 9 ਸਤੰਬਰ ਤੋਂ ਲੱਗਣਗੀਆਂ। ਇਹ ਜਾਣਕਾਰੀ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿੱਖਿਆ ਅਦਾਰਿਆਂ ਨੂੰ ਖੋਲ੍ਹਣ ਜਾਂ ਬੰਦ ਰੱਖਣ ਦੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਗਏ ਹਨ। ਸ੍ਰੀ ਬੈਂਸ ਨੇ ਕਿਹਾ ਕਿ ਸੂਬੇ ਵਿੱਚ ਹਾਲਾਤ ਪਹਿਲਾਂ ਵਾਂਗ ਹੋਣੇ ਸ਼ੁਰੂ ਹੋ ਗਏ ਹਨ, ਇਸ ਕਰ ਕੇ ਸਰਕਾਰੀ ਸਕੂਲ 8 ਸਤੰਬਰ ਤੋਂ ਖੋਲ੍ਹੇ ਜਾਣਗੇੇ। ਅਧਿਆਪਕਾਂ ਤੇ ਹੋਰ ਸਟਾਫ਼ ਵੱਲੋਂ ਸਕੂਲਾਂ ਦਾ ਨਿਰੀਖਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਕੂਲ ਦੀ ਸਫਾਈ ਤੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ, ਜਿਸ ਮਗਰੋਂ ਵਿਦਿਆਰਥੀਆਂ ਲਈ ਕਲਾਸਾਂ 9 ਸਤੰਬਰ ਤੋਂ ਲੱਗਣਗੀਆਂ। ਉਨ੍ਹਾਂ ਕਿਹਾ ਕਿ ਸਕੂਲ ਦੇ ਮੁਖੀ ਮਿਉਂਸਿਪਲ ਕਾਰਪੋਰੇਸ਼ਨ ਜਾਂ ਪੰਚਾਇਤਾਂ ਦੀ ਮਦਦ ਨਾਲ ਸਰਕਾਰੀ ਸਕੂਲਾਂ ਦੀ ਸਫ਼ਾਈ ਯਕੀਨੀ ਬਣਾਉਣ। ਜੇਕਰ ਇਮਾਰਤ ਜਾਂ ਕਲਾਸਰੂਮ ਨੂੰ ਕੋਈ ਨੁਕਸਾਨ ਪਹੁੰਚਿਆ ਹੈ ਤਾਂ ਇਸ ਬਾਰੇ ਰਿਪੋਰਟ ਤੁਰੰਤ ਡਿਪਟੀ ਕਮਿਸ਼ਨਰ, ਐੱਸਡੀਐੱਮ ਜਾਂ ਇੰਜਨੀਅਰਿੰਗ ਵਿਭਾਗ ਨੂੰ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਸੂਬੇ ਵਿੱਚ ਪ੍ਰਾਈਵੇਟ ਸਕੂਲ 8 ਸਤੰਬਰ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਹਾਂ ਲਈ ਖੁੱਲ੍ਹਣਗੇ। ਸ੍ਰੀ ਬੈਂਸ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਕਾਲਜ, ਯੂਨੀਵਰਸਿਟੀਆਂ, ਪੋਲੀਟੈਕਨਿਕ ਸੰਸਥਾਵਾਂ ਤੇ ਆਈਟੀਆਈਜ਼ ਸਣੇ ਸਾਰੇ ਵਿਦਿਅਕ ਅਦਾਰੇ ਵੀ 8 ਸਤੰਬਰ ਤੋਂ ਮੁੜ ਖੋਲ੍ਹੇ ਜਾਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿੱਖਿਆ ਅਦਾਰਿਆਂ ਨੂੰ ਖੋਲ੍ਹਣ ਜਾਂ ਬੰਦ ਰੱਖਣ ਦੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਗਏ ਹਨ, ਜੋ ਕਿ ਇਲਾਕੇ ਦੇ ਹਾਲਾਤ ਨੂੰ ਦੇਖਦੇ ਹੋਏ ਖੁਦ ਸਕੂਲ ਖੋਲ੍ਹਣ ਜਾਂ ਬੰਦ ਰੱਖਣ ਬਾਰੇ ਫੈਸਲਾ ਲੈਣਗੇ। ਉਨ੍ਹਾਂ ਸਕੂਲ ਮੁਖੀਆਂ ਤੇ ਪ੍ਰਬੰਧਕ ਕਮੇਟੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਦਿਅਕ ਸੰਸਥਾਵਾਂ ਵਿੱਚੋਂ ਪਾਣੀ ਦੀ ਨਿਕਾਸੀ ਅਤੇ ਇਮਾਰਤਾਂ ਦੀ ਚੰਗੀ ਤਰ੍ਹਾਂ ਸਫ਼ਾਈ ਯਕੀਨੀ ਬਣਾਈ ਜਾਵੇ।