ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਕਾਰਨ ਊਨਾ, ਕੁੱਲੂ ਤੇ ਮੰਡੀ ’ਚ ਸਕੂਲ-ਕਾਲਜ ਬੰਦ

ਕੁੱਲੂ ਦੇ ਸ਼ਾਸਤਰੀ ਨਗਰ ਵਿੱਚ ਹਡ਼੍ਹ ਕਾਰਨ ਕਈ ਘਰ ਤੇ ਵਾਹਨ ਨੁਕਸਾਨੇ; ਤਿੰਨ ਕੌਮੀ ਰਾਜਮਾਰਗਾਂ ਸਮੇਤ ਕੁੱਲ 362 ਸਡ਼ਕਾਂ ਬੰਦ
ਕੁੱਲੂ ਵਿੱਚ ਹੜ੍ਹ ਮਗਰੋਂ ਮਲਬੇ ’ਚ ਫਸੀ ਗੱਡੀ। -ਫੋਟੋ: ਪੀਟੀਆਈ
Advertisement

ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਊਨਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ’ਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਊਨਾ ਦੇ ਅੰਬ ਅਤੇ ਗਗਰੇਟ ਸਬ-ਡਿਵੀਜ਼ਨਾਂ ਵਿੱਚ ਵਿਦਿਅਕ ਅਦਾਰੇ ਬੰਦ ਰਹੇ। ਕੁੱਲੂ ਦੇ ਮਨਾਲੀ ਅਤੇ ਬੰਜਾਰ ਅਤੇ ਮੰਡੀ ਜ਼ਿਲ੍ਹੇ ਦੇ ਵਿਦਿਅਕ ਅਦਾਰੇ ਵੀ ਬੰਦ ਰਹੇ। ਕੁੱਲੂ ਦੇ ਸ਼ਾਸਤਰੀ ਨਗਰ ਵਿੱਚ ਆਏ ਹੜ੍ਹ ਕਾਰਨ ਘਰਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ, ਕੁੱਲੂ ਨਗਰ ਕੌਂਸਲ ਦੇ ਪ੍ਰਧਾਨ ਮਹੰਤ ਗੋਪਾਲ ਦਾਸ ਅਨੁਸਾਰ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਬ-ਡਿਵੀਜ਼ਨਲ ਮੈਜਿਸਟ੍ਰੇਟ ਵੱਲੋਂ ਜਾਰੀ ਬਿਆਨ ਅਨੁਸਾਰ ਭੁੱਬੂ, ਕੁੰਗਰੀ ਅਤੇ ਆਸ-ਪਾਸ ਦੇ ਨਾਲਿਆਂ ਵਿੱਚ ਵੀ ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜਿਸ ਕਾਰਨ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਿੰਡ ਦੇ ਸਕੂਲਾਂ ਬੰਦ ਰੱਖਣ ਲਈ ਕਿਹਾ ਗਿਆ ਸੀ।

ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਦੱਸਿਆ ਕਿ ਅੱਜ ਸਵੇਰ ਤੱਕ ਸੂਬੇ ਵਿੱਚ ਤਿੰਨ ਕੌਮੀ ਰਾਜਮਾਰਗਾਂ ਸਮੇਤ ਕੁੱਲ 362 ਸੜਕਾਂ ਬੰਦ ਸਨ। ਇਨ੍ਹਾਂ ’ਚੋਂ 183 ਮੰਡੀ ਜ਼ਿਲ੍ਹੇ ਅਤੇ 105 ਨਾਲ ਲੱਗਦੇ ਕੁੱਲੂ ਜ਼ਿਲ੍ਹੇ ਵਿੱਚ ਹਨ। ਢਿੱਗਾਂ ਡਿੱਗਣ ਕਾਰਨ ਮੰਡੀ-ਕੁੱਲੂ ਰੋਡ (ਐੱਨਐੱਚ-21), ਮੰਡੀ-ਜੋਗਿੰਦਰਨਗਰ ਰੋਡ (ਐੱਨਐੱਚ-154) ਅਤੇ ਔਟ-ਸੈਂਜ ਰੋਡ (ਐੱਨਐੱਚ-305) ਵੀ ਬੰਦ ਹਨ।

Advertisement

ਮੌਸਮ ਵਿਭਾਗ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਸੂਬੇ ਦੇ ਕਈ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ 24 ਤੋਂ 26 ਅਗਸਤ ਤੱਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਨਸੂਨ ਦੀ ਸ਼ੁਰੂਆਤ (20 ਜੂਨ) ਤੋਂ ਲੈ ਕੇ ਹੁਣ ਤੱਕ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ 2,211 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇਸ ਦੌਰਾਨ 74 ਹੜ੍ਹ, 38 ਬੱਦਲ ਫਟਣ ਅਤੇ 72 ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ।

ਢਿੱਗਾਂ ਡਿੱਗਣ ਕਾਰਨ ਧਰਮਸ਼ਾਲਾ ਰੋਪਵੇਅ ਸੇਵਾ ਮੁਅੱਤਲ

ਧਰਮਸ਼ਾਲਾ: ਇੱਥੇ ਰੋਪਵੇਅ ਦੇ ਪਿੱਲਰ ਨੰਬਰ-5 ਨੇੜੇ ਢਿੱਗਾਂ ਡਿੱਗਣ ਮਗਰੋਂ ਅਧਿਕਾਰੀਆਂ ਨੇ ਅੱਜ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਧਰਮਸ਼ਾਲਾ ਰੋਪਵੇਅ (ਸਕਾਈਵੇਅ) ਸੇਵਾ ਤੁਰੰਤ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ। ਕਾਂਗੜਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਚੇਅਰਮੈਨ ਹੇਮਰਾਜ ਬੈਰਵਾ ਨੇ ਰੋਪਵੇਅ ਚਲਾਉਣ ਵਾਲੀ ਏਜੰਸੀ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ। ਹੁਕਮਾਂ ਵਿੱਚ ਧਰਮਸ਼ਾਲਾ ਨੂੰ ਮੈਕਲੌਡਗੰਜ ਨਾਲ ਜੋੜਨ ਵਾਲੇ ਰੋਪਵੇਅ ਦੀਆਂ ਸਾਰੀਆਂ ਗਤੀਵਿਧੀਆਂ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਹਨ।

Advertisement