ਕਾਂਗਰਸ ਸ਼ਾਸਿਤ ਰਾਜਾਂ ’ਚ ਸ਼ੁਰੂ ਹੋਣਗੀਆਂ ਓਬੀਸੀ ਲਈ ਯੋਜਨਾਵਾਂ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਹੋਰ ਪੱਛੜੇ ਵਰਗ (ਓਬੀਸੀ) ਨੂੰ ਅੱਗੇ ਲਿਆਉਣ ਲਈ ਯੋਜਨਾ ਬਣਾਈ ਹੈ ਅਤੇ ਕਾਂਗਰਸ ਸ਼ਾਸਿਤ ਰਾਜਾਂ ’ਚ ਇਸ ਵਰਗ ਦੀ ਭਲਾਈ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਝੂਠ ਬੋਲਦੇ ਹਨ ਅਤੇ ਓਬੀਸੀ ਤੇ ਵਾਂਝੇ ਭਾਈਚਾਰਿਆਂ ਦੀ ਭਲਾਈ ਲਈ ਕੋਈ ਕੰਮ ਨਹੀਂ ਹੋ ਰਿਹਾ। ਖੜਗੇ ਨੇ ਕਾਂਗਰਸ ਦੇ ‘ਓਬੀਸੀ ਭਾਗੀਦਾਰੀ ਨਿਆਂ ਸੰਮੇਲਨ’ ’ਚ ਕਿਹਾ, ‘ਨਰਿੰਦਰ ਮੋਦੀ ‘ਝੂਠਿਆਂ ਦਾ ਸਰਦਾਰ’ ਹੈ। ਝੂਠ ਬੋਲਣਾ ਹੀ ਉਨ੍ਹਾਂ ਦਾ ਕੰਮ ਹੈ। ਉਨ੍ਹਾਂ ਦੇਸ਼ ਨਾਲ ਝੂਠ ਬੋਲਿਆ ਕਿ ਹਰ ਸਾਲ ਨੌਜਵਾਨਾਂ ਨੂੰ ਦੋ ਕਰੋੜ ਨੌਕਰੀਆਂ ਦੇਵਾਂਗਾ, ਵਿਦੇਸ਼ ਤੋਂ ਕਾਲਾ ਧਨ ਵਾਪਸ ਲਿਆਵਾਂਗਾ, ਸਾਰਿਆਂ ਨੂੰ 15-15 ਲੱਖ ਰੁਪਏ ਦੇਵਾਂਗਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗਾ, ਪੱਛੜੇ ਵਰਗ ਦੀ ਆਮਦਨ ਵਧਾ ਦੇਵਾਂਗਾ।’ ਉਨ੍ਹਾਂ ਕਿਹਾ ਕਿ ਆਰਐੱਸਐੱਸ ਤੇ ਭਾਜਪਾ ਜ਼ਹਿਰ ਦੇਣ ਵਾਲੇ ਲੋਕ ਹਨ। ਉਨ੍ਹਾਂ ਕਿਹਾ, ‘ਮੋਦੀ 75 ਸਾਲ ਦੇ ਹੋਣ ਜਾ ਰਹੇ ਹਨ, ਉਹ ਅਹੁਦਾ ਕਦੋਂ ਛੱਡਣਗੇ?’ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੀ ਨਹੀਂ, ਸਿਰਫ਼ ਆਪਣੀ ਕੁਰਸੀ ਦੀ ਚਿੰਤਾ ਹੈ।