‘ਅਤਿਵਾਦੀ ਬਚਾਓ’ ਜਮਾਤ ਸਰਗਰਮ ਹੋਈ: ਪੂਨਾਵਾਲਾ
ਜਮੀਅਤ ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਅਰਸ਼ਦ ਮਦਨੀ ਵੱਲੋਂ ਮੁਸਲਮਾਨਾਂ ਨਾਲ ਵਿਤਕਰੇ ਦੇ ਲਾਏ ਗਏ ਦੋਸ਼ਾਂ ’ਤੇ ਭਾਜਪਾ ਆਗੂ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਦਿੱਲੀ ਧਮਾਕੇ ਦੀ ਜਾਂਚ ਨੂੰ ਫਿਰਕੂ ਰੰਗਤ ਦੇਣ ਲਈ ‘ਅਤਿਵਾਦੀ ਬਚਾਓ’ ਜਮਾਤ ਸਰਗਰਮ ਹੋ ਗਈ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮਦਨੀ ਨੇ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਜਾਵਾਦ ਅਹਿਮਦ ਸਿੱਦੀਕੀ ਦੀ ਗ੍ਰਿਫ਼ਤਾਰੀ ਨੂੰ ਮੁਸਲਮਾਨਾਂ ਖਿਲਾਫ਼ ਸਾਜ਼ਿਸ਼ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਜਿੱਥੇ ਲੰਡਨ ਅਤੇ ਨਿਊਯਾਰਕ ਵਿੱਚ ਮੁਸਲਮਾਨ ਮੇਅਰ ਬਣ ਰਹੇ ਹਨ, ਉੱਥੇ ਭਾਰਤ ਵਿੱਚ ਉਨ੍ਹਾਂ ਨੂੰ ਉਪ ਕੁਲਪਤੀ ਵੀ ਨਹੀਂ ਬਣਨ ਦਿੱਤਾ ਜਾ ਰਿਹਾ।
ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਮਦਨੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਦੋਂ ਵੀ ਕੋਈ ਅਤਿਵਾਦੀ ਫੜਿਆ ਜਾਂਦਾ ਹੈ ਤਾਂ ਵੋਟ ਬੈਂਕ ਲਈ ਉਸ ਦੇ ਧਰਮ ਦੀ ਆੜ ਲਈ ਜਾਂਦੀ ਹੈ। ਉਨ੍ਹਾਂ ਯਾਦ ਕਰਵਾਇਆ ਕਿ ਭਾਰਤ ਵਿੱਚ ਮੁਸਲਮਾਨ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਚੀਫ ਜਸਟਿਸ ਵਰਗੇ ਉੱਚ ਅਹੁਦਿਆਂ ’ਤੇ ਰਹਿ ਚੁੱਕੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਭਾਰਤ ਵਿੱਚ ਮੁਸਲਮਾਨਾਂ ਦੇ ਆਦਰਸ਼ ਏ ਪੀ ਜੇ ਅਬਦੁਲ ਕਲਾਮ ਹਨ, ਜਿਨ੍ਹਾਂ ਨੇ ਹਮੇਸ਼ਾ ਦੇਸ਼ ਦਾ ਸਿਰ ਉੱਚਾ ਕੀਤਾ ਹੈ।
ਮੈਡੀਕਲ ਵਿਗਿਆਨ ਨੂੰ ਫਿਰਕੂ ਰੰਗ ਨਾ ਦਿੱਤੀ ਜਾਵੇ: ਲੋਨ
ਸ੍ਰੀਨਗਰ: ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਗਨੀ ਲੋਨ ਨੇ ਮੈਡੀਕਲ ਵਿਗਿਆਨ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕੀਤੀ ਹੈ।
ਇਹ ਪ੍ਰਤੀਕਿਰਿਆ ਭਾਜਪਾ ਵਿਧਾਇਕ ਆਰ ਐੱਸ ਪਠਾਨੀਆ ਦੀ ਉਸ ਮੰਗ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਸ੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (ਐੱਸ ਐੱਮ ਵੀ ਡੀ ਯੂ) ਦੇ ਮੈਡੀਕਲ ਕਾਲਜ ਵਿੱਚ ਹਿੰਦੂਆਂ ਲਈ ਰਾਖਵੇਂਕਰਨ ਦੀ ਮੰਗ ਕੀਤੀ ਸੀ। ਲੋਨ ਨੇ ਇਸ ਨੂੰ ਮੈਡੀਕਲ ਵਿਗਿਆਨ ਦਾ ਸਿਆਸੀਕਰਨ ਦੱਸਦਿਆਂ ਕਿਹਾ ਕਿ ਦਾਖਲੇ ਕੌਮੀ ਯੋਗਤਾ-ਕਮ-ਦਾਖਲਾ ਪ੍ਰੀਖਿਆ (ਨੀਟ) ਦੀ ਮੈਰਿਟ ਦੇ ਆਧਾਰ ’ਤੇ ਹੁੰਦੇ ਹਨ। -ਪੀਟੀਆਈ
ਫ਼ਿਰਕੂ ਤਾਕਤਾਂ ਨੂੰ ਦੂਰ ਰੱਖੇ ਨਿਤੀਸ਼ ਸਰਕਾਰ: ਓਵੈਸੀ
ਪਟਨਾ: ਏ ਆਈ ਐੱਮ ਆਈ ਐੱਮ ਮੁਖੀ ਅਸਦੁਦੀਨ ਓਵੈਸੀ ਨੇ ਬਿਹਾਰ ਵਿੱਚ ਨਵੀਂ ਬਣੀ ਐੱਨ ਡੀ ਏ ਸਰਕਾਰ ਨੂੰ ਇੱਕ ਸ਼ਰਤ ’ਤੇੇ ‘ਪੂਰਨ ਸਹਿਯੋਗ’ ਦੇਣ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੁਸਲਿਮ ਬਹੁਗਿਣਤੀ ਵਾਲੇ ਸੀਮਾਂਚਲ ਖੇਤਰ ਨਾਲ ਇਨਸਾਫ਼ ਕਰਦੇ ਹਨ ਅਤੇ ਫ਼ਿਰਕੂ ਤਾਕਤਾਂ ਨੂੰ ਦੂਰ ਰੱਖਦੇ ਹਨ ਤਾਂ ਉਨ੍ਹਾਂ ਦੀ ਪਾਰਟੀ ਸਰਕਾਰ ਦਾ ਸਾਥ ਦੇਵੇਗੀ। -ਪੀਟੀਆਈ
