ਸਾਊਦੀ ਅਰਬ: ਮੱਕਾ ਤੋਂ ਮਦੀਨਾ ਜਾ ਰਹੀ ਬੱਸ ਦੀ ਟੈਂਕਰ ਨਾਲ ਟੱਕਰ, 42 ਭਾਰਤੀ ਸ਼ਰਧਾਲੂਆਂ ਦੀ ਮੌਤ
ਸਾਊਦੀ ਅਰਬ ਵਿਚ ਅੱਜ ਸਵੇਰੇ ਮੱਕਾ ਤੋਂ ਮਦੀਨਾ ਜਾ ਰਹੀ ਬੱਸ ਤੇ ਡੀਜ਼ਲ ਵਾਲੇ ਟੈਂਕਰ ਵਿਚਾਲੇ ਹੋਈ ਟੱਕਰ ਵਿਚ ਹੈਦਰਾਬਾਦ ਨਾਲ ਸਬੰਧਤ ਘੱਟੋ ਘੱਟ 42 ਉਮਰਾਹ ਸ਼ਰਧਾਲੂਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਭਾਰਤੀ ਸਮੇਂ ਮੁਤਾਬਕ ਤੜਕੇ ਡੇਢ ਵਜੇ ਦੇ ਕਰੀਬ ਮੁਫ਼ਰੀਹਾਟ ਇਲਾਕੇ ਵਿਚ ਹੋਇਆ। ਬੱਸ ’ਤੇ ਕੁੱਲ 43 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਹੀ ਬਚਿਆ ਹੈ ਤੇ ਉਹ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਸੂਤਰਾਂ ਨੇ ਕਿਹਾ ਕਿ ਇਹ ਸ਼ਰਧਾਲੂ ਹੈਦਰਾਬਾਦ ਅਧਾਰਿਤ ਸਮੂਹ ਦਾ ਹਿੱਸਾ ਸਨ, ਜਿਸ ਵਿਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਸਨ। ਤਿਲੰਗਾਨਾ ਦੇ ਮੁੱਖ ਮੰਤਰੀ ਏ.ਰੇਵੰਤ ਰੈੱਡੀ ਨੇ ਹਾਦਸੇ ਵਿਚ ਗਈਆਂ ਜਾਨਾਂ ਲਈ ਸੰਵੇਦਨਾ ਜ਼ਾਹਿਰ ਕਰਦਿਆਂ ਮੁੱਖ ਸਕੱਤਰ ਕੇ.ਰਾਮਾਕ੍ਰਿਸ਼ਨਾ ਰਾਓ ਤੇ ਡੀਜੀਪੀ ਸ਼ਿਵਧਰ ਰੈੱਡ ਨੂੰ ਪੀੜਤਾਂ ਬਾਰੇ ਫੌਰੀ ਵੇਰਵੇ ਇਕੱਤਰ ਕਰਨ ਤੇ ਇਹ ਤਸਦੀਕ ਕਰਨ ਲਈ ਕਿਹਾ ਕਿ ਪੀੜਤਾਂ ਵਿਚੋਂ ਕਿੰਨੇ ਵਿਅਕਤੀ ਸੂਬੇ ਨਾਲ ਸਬੰਧਤ ਹਨ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਵਿਦੇਸ਼ ਮੰਤਰਾਲੇ ਅਤੇ ਸਾਊਦੀ ਦੂਤਾਵਾਸ ਨਾਲ ਤਾਲਮੇਲ ਕਰਨ ਲਈ ਵੀ ਕਿਹਾ ਹੈ। ਰਾਜ ਸਕੱਤਰੇਤ ਵਿਚ ਇੱਕ ਕੰਟਰੋਲ ਰੂਮ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਰੈਜ਼ੀਡੈਂਟ ਕਮਿਸ਼ਨਰ ਗੌਰਵ ਉੱਪਲ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਉਧਰ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵਾਇਸੀ ਨੇ ਕਿਹਾ ਕਿ ਉਨ੍ਹਾਂ ਨੇ ਰਿਆਧ ਵਿੱਚ ਭਾਰਤੀ ਦੂਤਾਵਾਸ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਅਬੂ ਮਾਥੇਨ ਜੌਰਜ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਜਾਣਕਾਰੀ ਇਕੱਠੀ ਕਰਨ ਦਾ ਭਰੋਸਾ ਦਿੱਤਾ ਹੈ। ਓਵਾਇਸੀ ਨੇ ਕਿਹਾ ਕਿ ਉਨ੍ਹਾਂ ਨੇ ਹੈਦਰਾਬਾਦ ਦੀਆਂ ਦੋ ਟਰੈਵਲ ਏਜੰਸੀਆਂ ਤੋਂ ਪ੍ਰਾਪਤ ਯਾਤਰੀਆਂ ਦੇ ਵੇਰਵੇ ਦੂਤਾਵਾਸ ਅਤੇ ਵਿਦੇਸ਼ ਸਕੱਤਰ ਨਾਲ ਸਾਂਝੇ ਕੀਤੇ ਹਨ। ਸੰਸਦ ਮੈਂਬਰ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਦੀਆਂ ਲਾਸ਼ਾਂ ਭਾਰਤ ਵਾਪਸ ਲਿਆਉਣ ਅਤੇ ਜ਼ਖਮੀਆਂ ਨੂੰ ਸਹੀ ਡਾਕਟਰੀ ਇਲਾਜ ਯਕੀਨੀ ਬਣਾਉਣ।
