ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੰਜੈ ਭੰਡਾਰੀ ਮਾਮਲਾ: ਰੌਬਰਟ ਵਾਡਰਾ ਨੇ ਈਡੀ ਅੱਗੇ ਪੇਸ਼ੀ ਭੁਗਤੀ

ਕੇਂਦਰੀ ਏਜੰਸੀ ਨੇ ਕਾਂਗਰਸੀ ਆਗੂ ਦੇ ਪਤੀ ਤੋਂ ਕੀਤੀ 5 ਘੰਟੇ ਪੁੱਛ-ਪੜਤਾਲ
Advertisement

ਨਵੀਂ ਦਿੱਲੀ, 14 ਜੁਲਾਈ

ਬਰਤਾਨੀਆ ’ਚ ਰਹਿੰਦੇ ਹਥਿਆਰ ਕਾਰੋਬਾਰੀ ਸੰਜੈ ਭੰਡਾਰੀ ਤੇ ਹੋਰਾਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਸੀਨੀਅਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਦੇ ਪਤੀ ਤੇ ਕਾਰੋਬਾਰੀ ਰੌਬਰਟ ਵਾਡਰਾ (56) ਨੇ ਈਡੀ ਅੱਗੇ ਪੇਸ਼ੀ ਭੁਗਤੀ। ਏਜੰਸੀ ਵੱਲੋਂ ਉਨ੍ਹਾਂ ਤੋਂ ਪੰਜ ਘੰਟੇ ਪੁੱਛਗਿੱਛ ਕੀਤੀ ਗਈ। ਉਹ ਇੱਥੇ ਸਥਿਤ ਏਜੰਸੀ ਦਫ਼ਤਰ ਵਿੱਚ ਸਵੇਰੇ 11 ਵਜੇ ਪੁੱਜੇ, ਜਿਨ੍ਹਾਂ ਨਾਲ ਐੱਮਪੀ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਸੂਤਰਾਂ ਮੁਤਾਬਕ ਵਾਡਰਾ ਦੇ ਬਿਆਨ ਪੀਐੱਮਐੱਲਏ ਤਹਿਤ ਦਰਜ ਕੀਤੇ ਗਏ ਹਨ। ਉਨ੍ਹਾਂ ਨੂੰ ਪਿਛਲੇ ਮਹੀਨੇ ਵੀ ਏਜੰਸੀ ਵੱਲੋਂ ਦੋ ਵਾਰ ਇਸੇ ਕੇਸ ਦੇ ਸਬੰਧ ’ਚ ਸੱਦਿਆ ਗਿਆ ਸੀ ਪਰ ਉਨ੍ਹਾਂ ਵਿਦੇਸ਼ ਜਾਣ ਦਾ ਹਵਾਲਾ ਦਿੰਦਿਆਂ ਪੇਸ਼ੀ ਨਹੀਂ ਸੀ ਭੁਗਤੀ।

Advertisement

ਜਾਣਕਾਰੀ ਮੁਤਾਬਕ ਈਡੀ ਵੱਲੋਂ ਵਾਡਰਾ ਕੋਲੋਂ ਮਨੀ ਲਾਂਡਰਿੰਗ ਨਾਲ ਜੁੜੇ ਤਿੰਨ ਵੱਖ-ਵੱਖ ਕੇਸਾਂ ਦੇ ਸਬੰਧ ’ਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ’ਚੋਂ ਦੋ ਦਾ ਸਬੰਧ ਜ਼ਮੀਨ ਸਮਝੌਤਿਆਂ ’ਚ ਕਥਿਤ ਬੇਨਿਯਮੀਆਂ ਨਾਲ ਹੈ। ਵਾਡਰਾ ਅਤੇ ਭੰਡਾਰੀ ਨਾਲ ਜੁੜੇ ਕੇਸ ਦਾ ਸਬੰਧ ਸਾਲ 2023 ਵਿੱਚ ਈਡੀ ਵੱਲੋਂ ਦਾਖ਼ਲ ਚਾਰਜਸ਼ੀਟ ਨਾਲ ਹੈ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਸੰਜੈ ਭੰਡਾਰੀ ਨੇ ਸਾਲ 2009 ਵਿੱਚ 12, ਬ੍ਰਾਇਨਸਟਨ ਸਕੁਏਅਰ, ਲੰਡਨ ਵਿੱਚ ਜਾਇਦਾਦ ਹਾਸਲ ਕੀਤੀ ਅਤੇ ‘ਵਾਡਰਾ ਦੇ ਨਿਰਦੇਸ਼ਾਂ ਅਨੁਸਾਰ’ ਇਸ ਦਾ ਨਵੀਨੀਕਰਨ ਕੀਤਾ। ਦੂਜੇ ਪਾਸੇ, ਵਾਡਰਾ ਨੇ ਲੰਡਨ ਵਿਚਲੀ ਇਸ ਜਾਇਦਾਦ ਨਾਲ ਕਿਸੇ ਵੀ ਮਾਲਕੀ ਜਾਂ ਸਬੰਧ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਇਸ ਮਾਮਲੇ ਨੂੰ ‘ਸਿਆਸਤ ਤੋਂ ਪ੍ਰੇਰਿਤ’ ਦੱਸਿਆ, ਜਿਸ ਦਾ ਮਕਸਦ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਹੈ। ਈਡੀ ਵੱਲੋਂ ਵਾਡਰਾ ਦੇ ਬਿਆਨ ਦਰਜ ਕਰਨ ਮਗਰੋਂ ਭੰਡਾਰੀ ਕੇਸ ਵਿੱਚ ਨਵੀਂ ਚਾਰਜਸ਼ੀਟ ਦਾਖ਼ਲ ਕਰਨ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਵੱਲੋਂ ਸੰਜੈ ਭੰਡਾਰੀ ਦੀ ਰਿਹਾਇਸ਼ ’ਤੇ ਮਾਰੇ ਛਾਪੇ ਮਗਰੋਂ ਉਹ ਸਾਲ 2016 ਵਿੱਚ ਲੰਡਨ ਭੱਜ ਗਿਆ ਸੀ। ਹਾਲ ਹੀ ਵਿੱਚ ਦਿੱਲੀ ਦੀ ਅਦਾਲਤ ਨੇ ਭੰਡਾਰੀ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਹੈ। -ਪੀਟੀਆਈ

Advertisement