‘ਸਨਾਤਨ ਧਰਮ’ ਟਿੱਪਣੀ: ਉਦੈਨਿਧੀ ਸਟਾਲਿਨ ਦੀ ਪਟੀਸ਼ਨ ਅਗਲੇ ਸਾਲ ਸੁਣਵਾਈ ਕਰੇਗੀ ਅਦਾਲਤ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਤਾਮਿਲ ਨਾਡੂ ਦੇ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ ਦੀ ਉਸ ਪਟੀਸ਼ਨ ’ਤੇ ਅਗਲੇ ਸਾਲ ਸੁਣਵਾਈ ਕਰੇਗੀ ਜਿਸ ਵਿੱਚ ਉਨ੍ਹਾਂ ਦੇ 2023 ਦੇ ‘ਸਨਾਤਨ ਧਰਮ ਨੂੰ ਖਤਮ ਕਰਨ’ ਸਬੰਧੀ ਆਪਣੇ ਬਿਆਨ ’ਤੇ ਦਰਜ ਸਾਰੀਆਂ ਐੱਫਆਈਆਰਜ਼ ਅਤੇ ਸ਼ਿਕਾਇਤਾਂ ਨੂੰ ਇਕੱਠਾ ਕਰਨ ਅਤੇ ਮਾਮਲਿਆਂ ਨੂੰ ਇੱਕ ਥਾਂ ’ਤੇ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ।
ਸਟਾਲਿਨ ਦੀ ਪਟੀਸ਼ਨ ’ਤੇ ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਸੁਣਵਾਈ ਕੀਤੀ। ਪਟੀਸ਼ਨਰ (ਸਟਾਲਿਨ) ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸਟਾਲਿਨ ਖ਼ਿਲਾਫ਼ ਕਈ ਐਫਆਈਆਰਜ਼ ਅਤੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਜਦੋਂ ਰੋਹਤਗੀ ਨੇ ਮਾਮਲੇ ਨੂੰ 2026 ਤੱਕ ਮੁਲਤਵੀ ਕਰਨ ਦੀ ਅਪੀਲ ਕੀਤੀ ਤਾਂ ਬੈਂਚ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ।
ਅਦਾਲਤ ਨੇ 6 ਮਾਰਚ ਨੂੰ ਸਟਾਲਿਨ ਦੇ ਵਿਵਾਦਤ ‘ਸਨਾਤਨ ਧਰਮ ਨੂੰ ਖਤਮ ਕਰੋ’ ਵਾਲੇ ਬਿਆਨ 'ਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਕੋਈ ਨਵੀਂ ਐਫਆਈਆਰ ਦਰਜ ਨਾ ਕਰਨ ਦਾ ਹੁਕਮ ਦਿੱਤਾ ਸੀ। ਸੁਪਰੀਮ ਕੋਰਟ ਸਟਾਲਿਨ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਡੀਐਮਕੇ ਨੇਤਾ ਨੇ ਭਵਿੱਖ ਦੀ ਕਾਰਵਾਈ ਲਈ ਐਫਆਈਆਰਜ਼ ਨੂੰ ਇਕੱਠਾ ਕਰਨ ਅਤੇ ਸ਼ਿਕਾਇਤਾਂ ਨੂੰ ਇੱਕ ਥਾਂ ਤਬਦੀਲ ਕਰਨ ਦੀ ਮੰਗ ਕੀਤੀ ਸੀ।
ਸਟਾਲਿਨ ਨੇ ਸਤੰਬਰ 2023 ਵਿੱਚ ਇੱਕ ਕਾਨਫਰੰਸ ਵਿੱਚ ਕਥਿਤ ਤੌਰ 'ਤੇ ਕਿਹਾ ਸੀ ਕਿ ਸਨਾਤਨ ਧਰਮ ਸਮਾਜਿਕ ਨਿਆਂ ਅਤੇ ਸਮਾਨਤਾ ਖ਼ਿਲਾਫ਼ ਹੈ ਅਤੇ ਇਸਨੂੰ ‘ਖ਼ਤਮ’ ਕੀਤਾ ਜਾਣਾ ਚਾਹੀਦਾ ਹੈ। ਉਸਨੇ ਇਸਦੀ ਤੁਲਨਾ ਕੋਰੋਨਾਵਾਇਰਸ, ਮਲੇਰੀਆ ਅਤੇ ਡੇਂਗੂ ਨਾਲ ਕਰਦਿਆਂ ਇਸਨੂੰ ‘ਨਸ਼ਟ’ ਕਰਨ ਦੀ ਸੱਦਾ ਦਿੱਤਾ ਸੀ।