ਮੋਦੀ ਜੀ ਦੇ ਭਾਸ਼ਣ ’ਚ ਉਹੀ ਪੁਰਾਣੇ ਜੁਮਲੇ ਤੇ ਉਹੀ ਯਾਦ ਕੀਤੇ ਅੰਕੜੇ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ’ਤੇ ਦਿੱਤੇ ਭਾਸ਼ਣ ਵਿਚ ਕੁਝ ਵੀ ਨਵਾਂ ਨਹੀਂ ਸੀ ਤੇ ਉਨ੍ਹਾਂ ਉਹੀ ਗੱਲਾਂ ਕੀਤੀਆਂ ਜਿਸ ਦਾ ਉਹ ਆਪਣੇ ਕਾਰਜਕਾਲ ਦੌਰਾਨ ਅਕਸਰ ਅਭਿਆਸ ਕਰਦੇ ਹਨ। ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਹੁਣ ਕੋਈ ਨਵਾਂ ਵਿਚਾਰ ਨਹੀਂ ਹੈ।
ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘₹1 ਲੱਖ ਕਰੋੜ ਜੁਮਲਾ - ਸੀਜ਼ਨ 2! 11 ਸਾਲਾਂ ਬਾਅਦ ਵੀ, ਮੋਦੀ ਜੀ ਦੇ ਉਹੀ ਪੁਰਾਣੇ ਜੁਮਲੇ, ਉਹੀ ਯਾਦ ਕੀਤੇ ਅੰਕੜੇ। ਪਿਛਲੇ ਸਾਲ, ₹1 ਲੱਖ ਕਰੋੜ ਤੋਂ 1 ਕਰੋੜ ਇੰਟਰਨਸ਼ਿਪ ਦਾ ਵਾਅਦਾ - ਇਸ ਸਾਲ ਫਿਰ ₹1 ਲੱਖ ਕਰੋੜ ਨੌਕਰੀ ਯੋਜਨਾ!" ਉਨ੍ਹਾਂ ਕਿਹਾ, "ਸੱਚ ਕੀ ਹੈ? ਸੰਸਦ ਵਿੱਚ ਮੇਰੇ ਸਵਾਲ 'ਤੇ, ਸਰਕਾਰ ਨੇ ਮੰਨਿਆ - 10 ਹਜ਼ਾਰ ਤੋਂ ਘੱਟ ਇੰਟਰਨਸ਼ਿਪ। ਵਜ਼ੀਫ਼ਾ ਇੰਨਾ ਘੱਟ ਹੈ ਕਿ 90% ਨੌਜਵਾਨਾਂ ਨੇ ਇਨਕਾਰ ਕਰ ਦਿੱਤਾ।" ਗਾਂਧੀ ਨੇ ਕਿਹਾ, ‘‘ਮੋਦੀ ਜੀ ਕੋਲ ਹੁਣ ਕੋਈ ਨਵਾਂ ਵਿਚਾਰ ਨਹੀਂ ਬਚਿਆ ਹੈ। ਨੌਜਵਾਨਾਂ ਨੂੰ ਇਸ ਸਰਕਾਰ ਤੋਂ ਰੁਜ਼ਗਾਰ ਨਹੀਂ ਮਿਲੇਗਾ, ਉਨ੍ਹਾਂ ਨੂੰ ਸਿਰਫ਼ ਜੁਮਲੇ ਮਿਲਣਗੇ।’’