ਸਮਾਜਵਾਦੀ ਪਾਰਟੀ ਨੇ ਜਾਨ ਦਾ ਖ਼ਤਰਾ ਹੋਣ ਸਬੰਧੀ ਪੂਜਾ ਪਾਲ ਦੇ ਦੋਸ਼ਾਂ ਦੀ ਜਾਂਚ ਮੰਗੀ
ਸਮਾਜਵਾਦੀ ਪਾਰਟੀ ਨੇ ਪਾਰਟੀ ’ਚੋਂ ਕੱਢੀ ਗਈ ਵਿਧਾਇਕ ਪੂਜਾ ਪਾਲ ਦੇ ਪਾਰਟੀ ’ਤੋਂ ਜਾਣ ਦਾ ਖ਼ਤਰਾ ਹੋਣ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਸਮਾਜਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਸ਼ਿਆਮਲਾਲ ਪਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜੇ ਗਏ ਇਕ ਪੱਤਰ ਵਿੱਚ ਪੂਜਾ ਪਾਲ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਰਿਆਦਾ ਦੇ ਉਲਟ ਦੱਸਦੇ ਹੋਏ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਪੂਜਾ ਪਾਲ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਕੌਣ ਦੇ ਰਿਹਾ ਹੈ। ਕਤਲ ਕੀਤੇ ਗਏ ਬਸਪਾ ਦੇ ਸਾਬਕਾ ਵਿਧਾਇਕ ਰਾਜੂ ਪਾਲ ਦੀ ਵਿਧਵਾ ਪੂਜਾ ਪਾਲ ਨੂੰ 14 ਅਗਸਤ ਨੂੰ ਸਮਾਜਵਾਦੀ ਪਾਰਟੀ ਨੇ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਪਾਰਟੀ ’ਚੋਂ ਕੱਢ ਦਿੱਤਾ ਸੀ। ਪੱਤਰ ਵਿੱਚ ਸ਼ਿਆਮਲਾਲ ਨੇ ਕਿਹਾ ਹੈ, ‘‘ਕਿਸੇ ਦੀ ਵੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਫਿਰ ਵੀ ਪਾਲ ਨੇ ਮੁੱਖ ਮੰਤਰੀ (ਯੋਗੀ ਆਦਿੱਤਿਆਨਾਥ) ਨਾਲ ਮੁਲਾਕਾਤ ਤੋਂ ਬਾਅਦ ਬਿਨਾ ਕਿਸੇ ਆਧਾਰ ਤੋਂ ਸਮਾਜਵਾਦੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।’’
ਸ਼ਿਆਮਲਾਲ ਨੇ ਦਾਅਵਾ ਕੀਤਾ ਕਿ ਪਾਰਟੀ ’ਚੋਂ ਕੱਢੀ ਗਈ ਵਿਧਾਇਕ ਦੀ ਪ੍ਰੈੱਸ ਅਤੇ ਸੋਸ਼ਲ ਮੀਡੀਆ ’ਤੇ ਹਾਲ ਵਿੱਚ ਕੀਤੀਆਂ ਗਈਆਂ ਟਿੱਪਣੀਆਂ ‘ਸੱਚ ਤੋਂ ਕੋਹਾਂ ਦੂਰ’ ਅਤੇ ‘ਭਾਜਪਾ ਤੋਂ ਪ੍ਰੇਰਿਤ’ ਹਨ।