ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Salman Rushdie ਦੀ ਵਿਵਾਦਗ੍ਰਸਤ ਕਿਤਾਬ ‘ਸ਼ੈਤਾਨ ਦੀਆਂ ਆਇਤਾਂ’ 36 ਸਾਲਾਂ ਦੀ ਪਾਬੰਦੀ ਪਿੱਛੋਂ ਭਾਰਤ ਪੁੱਜੀ

Salman Rushdie's 'The Satanic Verses' returns to India after 36-year ban; ਦਿੱਲੀ ਦੇ ਕਿਤਾਬ ਵਿਕਰੇਤਾ ਬਾਹਰੀਸਨਜ਼ ਬੁੱਕਸੈਲਰਜ਼ ਕੋਲ ਉਪਲਬਧ ਹੈ ਨਾਵਲ ਦਾ ‘ਸੀਮਤ ਸਟਾਕ’; ਕਿਤਾਬ ਦਾ ਦੁਨੀਆਂ ਭਰ ਦੇ ਮੁਸਲਿਮ ਭਾਈਚਾਰੇ ਨੇ ਕੀਤਾ ਸੀ ਜ਼ੋਰਦਾਰ ਵਿਰੋਧ; ਰਸ਼ਦੀ ਖ਼ਿਲਾਫ਼ ਜਾਰੀ ਕੀਤਾ ਗਿਆ ਸੀ ਮੌਤ ਦਾ ਫ਼ਤਵਾ; ਭਾਰਤ ’ਚ ਰਾਜੀਵ ਗਾਂਧੀ ਸਰਕਾਰ ਨੇ ਕਿਤਾਬ ’ਤੇ ਲਾ ਦਿੱਤੀ ਸੀ ਪਾਬੰਦੀ
Advertisement

ਨਵੀਂ ਦਿੱਲੀ, 25 ਦਸੰਬਰ

ਬ੍ਰਿਟਿਸ਼-ਭਾਰਤੀ ਨਾਵਲਕਾਰ ਸਲਮਾਨ ਰਸ਼ਦੀ (British-Indian novelist Salman Rushdie) ਦੀ ਵਿਵਾਦਪੂਰਨ ਕਿਤਾਬ ‘ਦ ਸੈਟੇਨਿਕ ਵਰਸਿਜ਼’ (The Satanic Verses) ਉਸ ਵੇਲੇ ਦੀ ਰਾਜੀਵ ਗਾਂਧੀ ਸਰਕਾਰ ਵੱਲੋਂ ਪਾਬੰਦੀ ਲਾਏ ਜਾਣ ਤੋਂ 36 ਸਾਲ ਬਾਅਦ ਹੁਣ ਚੁੱਪ-ਚੁਪੀਤੇ ਭਾਰਤ ਆ ਗਈ ਹੈ। ਇਸ  ਕਿਤਾਬ ਨੂੰ ਇਸਲਾਮ ਵਿਰੋਧੀ ਕੁਫ਼ਰ ਕਰਾਰ ਦਿੱਤਾ ਗਿਆ ਸੀ ਅਤੇ ਦੁਨੀਆਂ ਭਰ ਦੇ ਮੁਸਲਿਮ ਭਾਈਚਾਰੇ ਵੱਲੋਂ ਇਸ ਸਖ਼ਤ ਵਿਰੋਧ ਕੀਤਾ ਗਿਆ ਸੀ। ਇਸ   ਦਾ  ‘ਸੀਮਤ ਸਟਾਕ’ ਪਿਛਲੇ ਕੁਝ ਦਿਨਾਂ ਤੋਂ ਕੌਮੀ ਰਾਜਧਾਨੀ ਦੇ ਬਾਹਰੀਸਨਜ਼ ਬੁੱਕਸੈਲਰਜ਼ (Bahrisons Booksellers) 'ਤੇ ਵਿਕ ਰਿਹਾ ਹੈ।

Advertisement

ਬਾਹਰੀਸਨਜ਼ ਬੁੱਕਸੈਲਰਜ਼ ਦੀ ਮਾਲਕ ਰਜਨੀ ਮਲਹੋਤਰਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, "ਸਾਨੂੰ ਕਿਤਾਬ ਪ੍ਰਾਪਤ ਹੋਇਆਂ ਕੁਝ ਦਿਨ ਹੋਏ ਹਨ ਅਤੇ ਹੁਣ ਤੱਕ ਦਾ ਹੁੰਗਾਰਾ ਬਹੁਤ ਵਧੀਆ ਰਿਹਾ ਹੈ। ਵਿਕਰੀ ਚੰਗੀ ਚੱਲ ਰਹੀ ਹੈ।" ਇਸ ਦੀ ਕੀਮਤ 1,999 ਰੁਪਏ ਹੈ, ਜੋ ਸਿਰਫ਼ ਦਿੱਲੀ-ਐਨਸੀਆਰ ਭਰ ਵਿੱਚ ਬਾਹਰੀਸਨਜ਼ ਬੁੱਕਸੈਲਰਜ਼ ਦੇ ਸਟੋਰਾਂ 'ਤੇ ਉਪਲਬਧ ਹੈ।

ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ  ਐਕਸ (X) ਉਤੇ ਇਕ ਪੋਸਟ ਵਿਚ ਕਿਤਾਬ ਫ਼ਰੋਸ਼ ਅਦਾਰੇ ਨੇ ਕਿਹਾ, "@SalmanRushdie ਦੀ The Satanic Verses ਹੁਣ Bahrisons Booksellers 'ਤੇ ਸਟਾਕ ਵਿੱਚ ਹੈ! ਇਸ ਸ਼ਾਨਦਾਰ ਅਤੇ ਭੜਕਾਊ ਨਾਵਲ ਨੇ ਆਪਣੇ ਕਲਪਨਾਮਈ ਕਹਾਣੀ ਸੁਣਾਉਣ ਦੇ ਅਤੇ ਦਲੇਰ ਥੀਮਾਂ ਨਾਲ ਦਹਾਕਿਆਂ ਤੋਂ ਪਾਠਕਾਂ ਨੂੰ ਮੋਹਿਤ ਕੀਤਾ ਹੈ। ਇਹ ਆਪਣੀ ਰਿਲੀਜ਼ ਤੋਂ ਹੀ ਜ਼ੋਰਦਾਰ ਆਲਮੀ ਵਿਵਾਦ ਦਾ ਕੇਂਦਰ ਵੀ ਰਹੀ ਹੈ, ਜਿਸ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਅਕੀਦੇ ਅਤੇ ਕਲਾ ਆਦਿ ਬਾਰੇ ਬਹਿਸਾਂ ਛੇੜ ਦਿੱਤੀਆਂ ਹਨ।"

ਕਿਤਾਬ ਦੇ ਪ੍ਰਕਾਸ਼ਕ ਪੈਂਗੁਇਨ ਰੈਂਡਮ ਹਾਊਸ ਇੰਡੀਆ ਦੀ ਮੁੱਖ ਸੰਪਾਦਕ ਮਾਨਸੀ ਸੁਬਰਾਮਨੀਅਮ (Manasi Subramaniam, Editor-in-Chief, Penguin Random House India) ਨੇ ਵੀ ਰਸ਼ਦੀ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਹੈ। ਉਨ੍ਹਾਂ ਆਪਣੀ ਟਵੀਟ ਵਿਚ ਕਿਹਾ, ‘‘ਭਾਸ਼ਾ ਦਲੇਰੀ ਹੈ: ਇੱਕ ਵਿਚਾਰ ਨੂੰ ਚਿਤਵਣ ਦੀ, ਇਸ ਨੂੰ ਬੋਲਣ ਦੀ ਅਤੇ ਅਜਿਹਾ ਕਰਦਿਆਂ ਇਸਨੂੰ ਸੱਚ ਬਣਾਉਣ ਦੀ ਯੋਗਤਾ ਦੀ। ਆਖ਼ਰ @SalmanRushdie ਦੀ The Satanic Verses ਨੂੰ 36 ਸਾਲਾਂ ਦੀ ਪਾਬੰਦੀ ਤੋਂ ਬਾਅਦ ਭਾਰਤ ਵਿੱਚ ਵੇਚਣ ਦੀ ਇਜਾਜ਼ਤ ਮਿਲੀ ਹੈ। ਇੱਥੇ ਇਹ ਨਵੀਂ ਦਿੱਲੀ ਦੇ Bahrisons Bookstor 'ਤੇ ਉਪਲਬਧ ਹੈ।"

ਕਿਤਾਬਾਂ ਦੀਆਂ ਹੋਰ ਦੁਕਾਨਾਂ ਜਿਵੇਂ ਮਿਡਲੈਂਡ ਬੁੱਕ ਸ਼ਾਪ ਅਤੇ ਓਮ ਬੁੱਕ ਸ਼ਾਪ ਆਦਿ ਦੀ ਕਿਤਾਬ ਨੂੰ ਦਰਾਮਦ ਕਰਨ ਦੀ ਯੋਜਨਾ ਨਹੀਂ ਹੈ। ਇਸ ਤੋਂ ਪਹਿਲਾਂ ਬੀਤੇ ਨਵੰਬਰ ਵਿੱਚ ਦਿੱਲੀ ਹਾਈ ਕੋਰਟ ਨੇ ਰਾਜੀਵ ਗਾਂਧੀ ਸਰਕਾਰ ਵੱਲੋਂ ਨਾਵਲ  'ਤੇ ਲਾਈ ਪਾਬੰਦੀ ਨੂੰ ਚੁਣੌਤੀ ਦਿੰਦੀ ਪਟੀਸ਼ਨ 'ਤੇ ਕਾਰਵਾਈ ਇਹ ਕਹਿੰਦਿਆਂ ਬੰਦ ਕਰ ਦਿੱਤੀ ਸੀ ਕਿ ਅਧਿਕਾਰੀ ਸਬੰਧਤ ਨੋਟੀਫਿਕੇਸ਼ਨ ਪੇਸ਼ ਕਰਨ ਵਿੱਚ ਨਾਕਾਮ ਰਹੇ ਹਨ। ਹਾਈ ਕੋਰਟ ਨੇ ਆਪਣੇ ਹੁਕਮਾਂ ਵਿਚ ਕਿਹਾ ਸੀ, ਇਸ ਲਈ ਇਹ ‘ਮੰਨ ਲਿਆ ਜਾਣਾ ਚਾਹੀਦਾ ਹੈ ਕਿ ਇਹ ਮੌਜੂਦ ਨਹੀਂ ਹੈ"।

ਇਹ ਹੁਕਮ ਸਰਕਾਰੀ ਅਧਿਕਾਰੀਆਂ ਵੱਲੋਂ 5 ਅਕਤੂਬਰ, 1988 ਦਾ ਉਹ ਨੋਟੀਫਿਕੇਸ਼ਨ ਪੇਸ਼ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਆਇਆ, ਜਿਸ ਤਹਿਤ ਕਿਤਾਬ ਦੀ ਦਰਾਮਦ ਉਤੇ ਪਾਬੰਦੀ ਲਗਾਈ ਸੀ। ਹਾਈ ਕੋਰਟ ਨੇ ਕਿਹਾ ਸੀ,  ‘‘ਇਨ੍ਹਾਂ ਹਾਲਾਤ ਦੇ ਮੱਦੇਨਜ਼ਰ, ਸਾਡੇ ਕੋਲ ਇਹ ਮੰਨਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ ਕਿ ਅਜਿਹਾ ਕੋਈ ਨੋਟੀਫਿਕੇਸ਼ਨ ਮੌਜੂਦ ਨਹੀਂ ਹੈ ਅਤੇ ਇਸ ਲਈ ਅਸੀਂ ਇਸਦੀ ਵਾਜਬੀਅਤ ਦੀ ਘੋਚ ਨਹੀਂ ਕਰ ਸਕਦੇ ਅਤੇ ਰਿਟ ਪਟੀਸ਼ਨ ਨੂੰ ਬੇਕਾਰ ਹੋਣ ਕਾਰਨ ਇਸ ਨਿਬੇੜਾ ਕੀਤਾ ਜਾਂਦਾ ਹੈ।"

ਲੇਖਕ ਸਲਮਾਨ ਰਸ਼ਦੀ। -ਐਕਸ @SalmanRushdie

ਕਿਤਾਬ ਆਪਣੇ ਪ੍ਰਕਾਸ਼ਨ ਤੋਂ ਥੋੜ੍ਹੀ ਦੇਰ ਬਾਅਦ ਹੀ ਭਾਰੀ ਵਿਵਾਦ ਵਿਚ ਘਿਰ ਗਈ ਸੀ। ਇਸ ਕਾਰਨ ਉਸ ਸਮੇਂ ਇਰਾਨ ਦੇ ਸੁਪਰੀਮ ਆਗੂ ਰੂਹੁੱਲਾ ਖੁਮੈਨੀ (Ruhollah Khomeini) ਨੇ ਰਸ਼ਦੀ ਅਤੇ ਉਸ ਦੇ ਪ੍ਰਕਾਸ਼ਕਾਂ ਨੂੰ ਮਾਰਨ ਲਈ ਫਤਵਾ ਜਾਰੀ ਕੀਤਾ ਸੀ। ਇਸ ਦੇ ਸਿੱਟੇ ਵਜੋਂ ਰਸ਼ਦੀ ਨੇ ਯੂਕੇ ਅਤੇ ਅਮਰੀਕਾ ਵਿੱਚ ਲਗਭਗ 10 ਸਾਲ ਲੁਕ ਕੇ ਬਿਤਾਏ ਸਨ।

ਜੁਲਾਈ 1991 ਵਿੱਚ ਇਸ ਨਾਵਲਕਾਰ ਦੇ ਜਾਪਾਨੀ ਅਨੁਵਾਦਕ ਹਿਤੋਸ਼ੀ ਇਗਰਾਸ਼ੀ (Japanese translator Hitoshi Igarashi) ਦਾ ਉਸ ਦੇ ਦਫਤਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ 12 ਅਗਸਤ, 2022 ਨੂੰ ਲਿਬਨਾਨੀ-ਅਮਰੀਕੀ ਹਾਦੀ ਮਾਤਰ (Lebanese-American Hadi Matar) ਰਸ਼ਦੀ ’ਤੇ ਇਕ ਲੈਕਚਰ ਦਿੰਦੇ ਸਮੇਂ ਸਟੇਜ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਕਾਰਨ ਸਲਮਾਨ ਰਸ਼ਦੀ ਦੀ ਇਕ ਅੱਖ ਦੀ ਰੌਸ਼ਨੀ ਜਾਂਦੀ ਰਹੀ ਸੀ।

ਉਂਝ ਇਹ ਕਿਤਾਬ ਭਾਵੇਂ ਬਾਹਰੀਸਨਜ਼ ਵਿਖੇ ਖਰੀਦਣ ਲਈ ਉਪਲਬਧ ਹੈ ਪਰ ਇਸ ਪ੍ਰਤੀ ਪਾਠਕਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ  ਹੈ, ਖ਼ਾਸਕਰ ਇਸ ਦੀ ਕੀਮਤ ਕਾਰਨ। ਬਹੁਤੇ ਪਾਠਕ ਕਿਤਾਬ ਨੂੰ ਕਾਫ਼ੀ ਮਹਿੰਗੀ ਮੰਨ ਰਹੇ ਹਨ, ਪਰ ਇਸ ਦੇ ਬਾਵਜੂਦ ਪਾਠਕਾਂ ਵਿਚ ਇਸ ਪ੍ਰਤੀ ਭਾਰੀ ਦਿਲਚਸਪੀ ਵੀ ਬਣੀ ਹੋਈ ਹੈ।  -ਪੀਟੀਆਈ

Advertisement