ਸਬਰੀਮਾਲਾ ਸੋਨਾ ਚੋਰੀ ਕੇਸ ਦੇ ਮੁਲਜ਼ਮ ਬਖਸ਼ੇ ਨਹੀਂ ਜਾਣਗੇ: ਵਿਜਯਨ
ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਇੱਥੇ ਕਿਹਾ ਕਿ ਸਬਰੀਮਾਲਾ ਮੰਦਰ ਸੋਨਾ ਚੋਰੀ ਮਾਮਲੇ ਵਿੱਚ ਉਨ੍ਹਾਂ ਦੀ ਪਾਰਟੀ ਸੀ ਪੀ ਆਈ (ਐੱਮ) ਕਿਸੇ ਵੀ ਮੁਲਜ਼ਮ ਨੂੰ ਨਹੀਂ ਬਚਾਏਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਹਾਈ ਕੋਰਟ ਦੀ ਸਿੱਧੀ ਨਿਗਰਾਨੀ ਹੇਠ ਚੱਲ ਰਹੀ ਹੈ, ਇਸ ਲਈ ਉਹ ਇਸ ’ਤੇ ਵਿਸਥਾਰ ਨਾਲ ਟਿੱਪਣੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਪ੍ਰਭਾਵੀ ਢੰਗ ਨਾਲ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਜਮਾਤ-ਏ-ਇਸਲਾਮੀ ਅਤੇ ਹਿੰਦੂਤਵੀ ਜਥੇਬੰਦੀਆਂ ਨੂੰ ‘ਇੱਕੋ ਸਿੱਕੇ ਦੇ ਦੋ ਪਹਿਲੂ’ ਕਰਾਰ ਦਿੱਤਾ। ਉਨ੍ਹਾਂ ਕਾਂਗਰਸ ’ਤੇ ਦੋਸ਼ ਲਾਇਆ ਕਿ ਉਸ ਨੇ ਚੋਣ ਲਾਭਾਂ ਲਈ ਜਮਾਤ-ਏ-ਇਸਲਾਮੀ ਨਾਲ ਹੱਥ ਮਿਲਾ ਕੇ ‘ਆਤਮਘਾਤੀ’ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਵਿਚਾਰਧਾਰਾਵਾਂ ਧਰਮ ਆਧਾਰਿਤ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਕਾਂਗਰਸ ’ਤੇ ਵੋਟਾਂ ਖਾਤਰ ਧਰਮ ਨਿਰਪੱਖਤਾ ਨੂੰ ਦਾਅ ’ਤੇ ਲਾਉਣ ਦਾ ਵੀ ਦੋਸ਼ ਲਾਇਆ।
‘ਅਗਲੀਆਂ ਚੋਣਾਂ ’ਚ ਅਗਵਾਈ ਬਾਰੇ ਫੈਸਲਾ ਪਾਰਟੀ ਹੱਥ’
ਕੋਚੀ: ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਇੱਥੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਗੱਠਜੋੜ ਦੀ ਅਗਵਾਈ ਕਰਨਗੇ ਜਾਂ ਨਹੀਂ, ਇਸ ਦਾ ਫੈਸਲਾ ਸੀ ਪੀ ਐੱਮ ਕਰੇਗੀ। ‘ਮੀਟ ਦਿ ਪ੍ਰੈੱਸ’ ਦੌਰਾਨ ‘ਪਿਨਾਰਈ ਵਿਜਯਨ-3.0’ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਇਹ ਲੋਕਾਂ ਅਤੇ ਪਾਰਟੀ ਨੇ ਤੈਅ ਕਰਨਾ ਹੈ। ਹਾਲੇ ਇਸ ’ਤੇ ਚਰਚਾ ਦਾ ਕੋਈ ਫਾਇਦਾ ਨਹੀਂ।’’
