ਰੂਸ ਵੱਲੋਂ ਛੇ ਦਿਨਾਂ ’ਚ ਯੂਕਰੇਨ ’ਤੇ 1300 ਤੋਂ ਵੱਧ ਹਮਲੇ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਖੁਲਾਸਾ ਕੀਤਾ ਕਿ ਰੂਸ ਵੱਲੋਂ ਸਿਰਫ਼ ਸਤੰਬਰ ਮਹੀਨੇ ਦੇ ਪਹਿਲੇ ਛੇ ਦਿਨਾਂ ਦੌਰਾਨ ਯੂਕਰੇਨ ’ਤੇ 1300 ਤੋਂ ਵੱਧ ਹਮਲਾਵਰ ਯੂਏਵੀ (ਮਨੁੱਖ ਰਹਿਤ ਹਵਾਈ ਵਾਹਨ) ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿੱਚ 900 ਬੰਬ ਵਰਤੇ ਗਏ। ਨਾਲ ਹੀ ਵੱਖ-ਵੱਖ ਤਰ੍ਹਾਂ ਦੀਆਂ 50 ਮਿਜ਼ਾਈਲਾਂ ਵੀ ਦਾਗ਼ੀਆਂ ਗਈਆਂ। ਸੋਸ਼ਲ ਸਾਈਟ ‘ਐਕਸ’ ’ਤੇ ਪੋਸਟ ਕੀਤੇ ਇੱਕ ਵਿਸਤ੍ਰਿਤ ਬਿਆਨ ਵਿੱਚ ਜ਼ੇਲੈਂਸਕੀ ਨੇ ਰੂਸੀ ਹਮਲਿਆਂ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੀ ਨਿੰਦਾ ਕੀਤੀ। ਨਾਲ ਹੀ ਸਥਾਈ ਸ਼ਾਂਤੀ ਯਕੀਨੀ ਬਣਾਉਣ ਲਈ ਪਾਬੰਦੀਆਂ ਵਧਾਉਣ, ਮਜ਼ਬੂਤ ਫੌਜੀ ਸਮਰਥਨ ਅਤੇ ਲੰਬੇ ਸਮੇਂ ਦੀ ਸੁਰੱਖਿਆ ਗਾਰੰਟੀ ਦੀ ਮੰਗ ਕੀਤੀ। ਜ਼ੇਲੈਂਸਕੀ ਨੇ ਕਿਹਾ, ‘‘ਸਤੰਬਰ ਦੇ ਸ਼ੁਰੂ ਤੋਂ ਹੀ ਰੂਸ ਨੇ ਯੂਕਰੇਨ ’ਤੇ 1,300 ਤੋਂ ਵੱਧ ਹਮਲਾਵਰ ਯੂਏਵੀ, 900 ਬੰਬ ਅਤੇ ਵੱਖ-ਵੱਖ ਕਿਸਮਾਂ ਦੀਆਂ 50 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਬੀਤੀ ਰਾਤ ਨਾਗਰਿਕ ਬੁਨਿਆਦੀ ਢਾਂਚੇ ’ਤੇ ਮੁੜ ਹਮਲਾ ਕੀਤਾ ਗਿਆ। ਹਾਲਾਂਕਿ, ਸਾਰੀਆਂ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਥਾਵਾਂ ’ਤੇ ਕੰਮ ਕਰ ਰਹੀਆਂ ਹਨ।’’ ਉਨ੍ਹਾਂ ਅੱਗੇ ਕਿਹਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਯੂਕਰੇਨ ਦੇ ਲਗਪਗ ਹਰ ਖੇਤਰ ਵਿੱਚ ਧਮਾਕਿਆਂ ਦੀ ਸੂਚਨਾ ਮਿਲੀ ਹੈ। ਇਨ੍ਹਾਂ ਵਿੱਚ ਚੇਰਨੀਹਾਈਵ, ਖਾਰਕੀਵ, ਓਦੇਸਾ, ਖੇਰਸਾਨ, ਕੀਵ, ਨਾਈਪਰ, ਕਿਰੋਵੋਗਰਾਦ, ਖਮੇਲਨਿਤਸਕੀ, ਜ਼ਾਇਟੋਮਿਰ, ਵੋਲਿਨ, ਇਵਾਨੋ-ਫਰੈਕਿਵਸਕ, ਰਿਵਨੇ ਅਤੇ ਲਵੀਵ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜ਼ੇਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਰੂਸੀ ਤੇਲ ਅਤੇ ਗੈਸ ਵਪਾਰ ’ਤੇ ਸਖ਼ਤ ਪਾਬੰਦੀਆਂ ਦੀ ਜ਼ਰੂਰਤ ਬਾਰੇ ਕੀਤੀਆਂ ਟਿੱਪਣੀਆਂ ਦਾ ਵੀ ਜ਼ਿਕਰ ਕੀਤਾ।