ਆਰ ਜੇ ਡੀ ਨੇ ਈ ਵੀ ਐੱਮ ’ਤੇ ਚੁੱਕੇ ਸਵਾਲ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ 143 ’ਚੋਂ ਸਿਰਫ਼ 25 ਸੀਟਾਂ ਜਿੱਤਣ ਵਾਲੀ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਨੇ ਅੱਜ ਦਾਅਵਾ ਕੀਤਾ ਹੈ ਕਿ ਇਹ ਨਤੀਜੇ ਲੋਕਾਂ ਦੀ ਇੱਛਾ ਨਹੀਂ ਦਰਸਾਉਂਦੇ ਅਤੇ ਪਾਰਟੀ ਈ ਵੀ ਐੱਮ ਵਿੱਚ ‘ਗੜਬੜੀਆਂ’ ਨੂੰ ਲੈ ਕੇ ਅਦਾਲਤ ਦਾ ਰੁਖ਼ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਚੋਣ ਵਿੱਚ ਭਾਜਪਾ ਦੀ ਅਗਵਾਈ ਹੇਠਲੇ ਐੱਨ ਡੀ ਏ ਨੇ 243 ’ਚੋਂ 202 ਸੀਟਾਂ ਜਿੱਤ ਕੇ ਵੱਡੀ ਜਿੱਤ ਹਾਸਲ ਕੀਤੀ ਹੈ।
ਇਸ ਦੌਰਾਨ ਆਰ ਜੇ ਡੀ ਨੇ ਅੱਜ ਚੋਣਾਂ ਦੇ ਨਤੀਜਿਆਂ ਬਾਰੇ ਵਿਚਾਰ ਕਰਨ ਲਈ ਮੀਟਿੰਗ ਕੀਤੀ, ਜਿਸ ਵਿੱਚ ਚੋਣਾਂ ਲੜਨ ਵਾਲੇ ਆਰ ਜੇ ਡੀ ਦੇ ਸਾਰੇ ਉਮੀਦਵਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਤੇਜਸਵੀ ਯਾਦਵ, ਲਾਲੂ ਪ੍ਰਸਾਦ ਅਤੇ ਰਾਬੜੀ ਦੇਵੀ ਦੀ ਮੌਜੂਦ ਸਨ। ਆਰ ਜੇ ਡੀ ਦੇ ਤਰਜਮਾਨ ਸ਼ਕਤੀ ਸਿੰਘ ਨੇ ਕਿਹਾ, ‘‘ਸਰਕਾਰ ਪ੍ਰਤੀ ਲੋਕਾਂ ਦੇ ਗੁੱਸੇ ਦੇ ਬਾਵਜੂਦ ਅਜਿਹੇ ਨਤੀਜੇ ਆਏ ਹਨ। ਲੋਕ ਅਤੇ ਸਿਆਸਤਦਾਨ ਇਸ ਨੂੰ ਹਜ਼ਮ ਨਹੀਂ ਕਰ ਪਾ ਰਹੇ।’’ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੂਬਾ ਪ੍ਰਧਾਨ ਜਗਦਾਨੰਦ ਸਿੰਘ ਨੇ ਦੋਸ਼ ਲਾਇਆ, ‘‘ਹਰ ਈ ਵੀ ਐੱਮ ਵਿੱਚ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ 25,000 ਵੋਟਾਂ ਸਨ ਅਤੇ ਅਸੀਂ ਫਿਰ ਵੀ 25 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ।’’ ਮਨੇਰ ਤੋਂ ਜਿੱਤੇ ਵਿਧਾਇਕ ਭਾਈ ਵਰਿੰਦਰ ਨੇ ਵੀ ਈ ਵੀ ਐੱਮ ਵਿੱਚ ਗੜਬੜੀ ਦੇ ਦੋਸ਼ ਲਾਉਂਦਿਆਂ ਬੈਲੇਟ ਪੇਪਰਾਂ ਰਾਹੀਂ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ। ਇਸੇ ਤਰ੍ਹਾਂ ਸੰਜੀਵ ਕੁਮਾਰ ਨੇ ਕਿਹਾ ਕਿ ਉਹ ਗੜਬੜੀਆਂ ਦੇ ਸਬੂਤ ਇਕੱਠੇ ਕਰਕੇ ਅਦਾਲਤ ਦਾ ਰੁਖ ਕਰਨ ਦੀ ਸੋਚ ਰਹੇ ਹਨ। ਇਸ ਦੌਰਾਨ ਆਰ ਜੇ ਡੀ ਵਰਕਰਾਂ ਨੇ ਤੇਜਸਵੀ ਯਾਦਵ ਦੇ ਕਰੀਬੀ ਅਤੇ ਰਾਜ ਸਭਾ ਮੈਂਬਰ ਸੰਜੈ ਯਾਦਵ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
