RJD, ਕਾਂਗਰਸ ਨੇਤਾ ਜਾਂ ਤਾਂ ਜੇਲ੍ਹ ’ਚ ਜਾਂ ਜ਼ਮਾਨਤ ’ਤੇ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਜਨਤਾ ਦਲ (RJD) ਅਤੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਦੋਵੇਂ ਵਿਰੋਧੀ ਧਿਰਾਂ ਸੰਵਿਧਾਨ (130ਵੀਂ ਸੋਧ) ਬਿੱਲ ਖ਼ਿਲਾਫ਼ ਹਨ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਨੇਤਾ ਜਾਂ ਤਾਂ ਜੇਲ੍ਹ ’ਚ ਹਨ ਜਾਂ ਜ਼ਮਾਨਤ ’ਤੇ ਹਨ।
ਲੋਕ ਸਭਾ ਵਿੱਚ ਬੁੱਧਵਾਰ ਨੂੰ ਇਹ ਬਿੱਲ ਪੇਸ਼ ਕੀਤਾ ਗਿਆ ਸੀ, ਜੋ ਸਾਂਝੀ ਸੰਸਦੀ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਇਸ ਵਿੱਚ ਗੰਭੀਰ ਅਪਰਾਧਿਕ ਦੋਸ਼ਾਂ ’ਚ ਗ੍ਰਿਫ਼ਤਾਰੀ ਮਗਰੋਂ 30 ਦਿਨ ਤੱਕ ਹਿਰਾਸਤ ਵਿੱਚ ਰਹਿਣ ਵਾਲੇ ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਗਯਾਜੀ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਕਿਹਾ ਕਿ ਆਰਜੇਡੀ ਅਤੇ ਉਸ ਦੇ ਸਹਿਯੋਗੀ ਬਿਹਾਰ ਨੂੰ ਸਿਰਫ਼ ਆਪਣਾ ਵੋਟ ਬੈਂਕ ਸਮਝਦੇ ਹਨ ਅਤੇ ਸੂਬੇ ਵਿੱਚ ਸਭ ਜਾਣਦੇ ਹਨ ਕਿ ਆਰਜੇਡੀ ਨੇਤਾ ਹਮੇਸ਼ਾ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਰਹਿੰਦੇ ਹਨ।
ਮੋਦੀ ਨੇ ਕਿਹਾ, ‘‘ਆਰਜੇਡੀ ਅਤੇ ਕਾਂਗਰਸ ਦੇ ਸ਼ਾਸਨਕਾਲ ਵਿੱਚ ਬਿਹਾਰ ’ਚ ਕੋਈ ਵੱਡਾ ਪ੍ਰਾਜੈਕਟ ਸਿਰੇ ਨਹੀਂ ਚੜ੍ਹਿਆ। ਉਨ੍ਹਾਂ ਕਦੇ ਲੋਕਾਂ ਦੀ ਭਲਾਈ ਲਈ ਨਹੀਂ ਸੋਚਿਆ, ਬੱਸ ਆਪਣੀਆਂ ਜੇਬਾਂ ਭਰਨ ’ਚ ਲੱਗੇ ਰਹੇ।’’
ਉਨ੍ਹਾਂ ਗ਼ੈਰ-ਕਾਨੂੰਨੀ ਪਰਵਾਸ ਦੇ ਮੁੱਦੇ ’ਤੇ ਕਿਹਾ ਕਿ ਬਿਹਾਰ ਦੇ ਸਰਹੱਦੀ ਜ਼ਿਲ੍ਹਿਆਂ ’ਚ ਆਬਾਦੀ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਨੇ ਆਰਜੇਡੀ ਅਤੇ ਕਾਂਗਰਸ ’ਤੇ ਘੁਸਪੈਠੀਆਂ ਦਾ ਸਾਥ ਦੇਣ ਦਾ ਦੋਸ਼ ਲਾਇਆ।
ਮੋਦੀ ਨੇ ਕਿਹਾ, ‘‘ਅਸੀਂ ਘੁਸਪੈਠੀਆਂ ਨੂੰ ਸੂਬੇ ਦੇ ਲੋਕਾਂ ਦੇ ਅਧਿਕਾਰ ਨਹੀਂ ਖੋਹਣ ਦੇਵਾਂਗੇ। ਆਰਜੇਡੀ ਅਤੇ ਕਾਂਗਰਸ ਇਨ੍ਹਾਂ ਘੁਸਪੈਠੀਆਂ ਦਾ ਸਮਰਥਨ ਕਰ ਰਹੇ ਹਨ। ਉਹ ਦੂਸ਼ਣਬਾਜ਼ੀ ਦੀ ਸਿਆਸਤ ਕਰ ਰਹੇ ਹਨ। ਬਿਹਾਰ ਦੇ ਲੋਕਾਂ ਨੂੰ ਅਜਿਹੀਆਂ ਪਾਰਟੀਆਂ ਅਤੇ ਅਜਿਹੇ ਨੇਤਾਵਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।’’