ਬੁੱਢੇ ਦਰਿਆ ਦੀ ਸੁਰਜੀਤੀ:ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਬੁੱਢੇ ਦਰਿਆ ਦੀ ਸੁਰਜੀਤੀ ਲਈ ਸਖ਼ਤ ਕਦਮ ਚੁਕਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਸ ਨੂੰ ਪ੍ਰਦੂਸ਼ਿਤ ਕਰਨ ਵਾਲੇ ਉਦਯੋਗਾਂ ਅਤੇ ਡੇਅਰੀ ਯੂਨਿਟਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਬੁੱਢੇ ਦਰਿਆ ਦੀ ਸੁਰਜੀਤੀ ਸਬੰਧੀ ਪ੍ਰਾਜੈਕਟ ਦੀ ਸਮੀਖਿਆ ਕਰਨ ਲਈ ਰਾਜਪਾਲ ਨੇ ਅੱਜ ਲੁਧਿਆਣਾ ਦਾ ਦੌਰਾ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਰਾਜਪਾਲ ਨੇ ਨਗਰ ਨਿਗਮ ਲੁਧਿਆਣਾ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸਿੰਜਾਈ ਵਿਭਾਗ, ਸੀਵਰੇਜ ਬੋਰਡ ਅਤੇ ਹੋਰ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਰਾਜਪਾਲ ਕਟਾਰੀਆ ਨੇ ਕਿਹਾ ਕਿ ਕਈ ਏਜੰਸੀਆਂ ਦੇ ਸਾਂਝੇ ਯਤਨਾਂ ਦੇ ਬਾਵਜੂਦ ਬੁੱਢੇ ਦਰਿਆ ’ਚ ਪ੍ਰਦੂਸ਼ਣ ਨਹੀਂ ਰੁਕ ਰਿਹਾ ਜਿਸ ਲਈ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦਰਿਆ ਦੇ 14 ਕਿਲੋਮੀਟਰ ਦੇ ਹਿੱਸੇ ਦੀ ਤੁਰੰਤ ਹੱਦਬੰਦੀ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਨੂੰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਡਿਪਟੀ ਕਮਿਸ਼ਨਰ ਨੇ ਰਾਜਪਾਲ ਨੂੰ ਤਾਜਪੁਰ ਰੋਡ ਨੇੜੇ ਬਾਇਓਗੈਸ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ।
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡਚਲਵਾਲ ਨੇ ਬੁੱਢੇ ਦਰਿਆ ’ਚ ਗੋਹਾ ਸੁੱਟਣ ਵਾਲਿਆਂ ਨਾਲ ਸਿੱਝਣ ਵਿੱਚ ਅਹਿਮ ਪ੍ਰਗਤੀ ਬਾਰੇ ਰਿਪੋਰਟ ਦਿੱਤੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਮੁੱਦੇ ਦੇ ਹੱਲ ਲਈ ਘਰ-ਘਰ ਗੋਹਾ ਇਕੱਠਾ ਕਰਨ ਵਾਸਤੇ ਟੈਂਡਰ ਅਗਲੇ ਇਕ ਹਫ਼ਤੇ ਦੇ ਅੰਦਰ ਲਗਾਏ ਜਾਣਗੇ। ਹੁਕਮ ਅਦੂਲੀ ਕਰਨ ਵਾਲਿਆਂ ਖ਼ਿਲਾਫ਼ 100 ਤੋਂ ਵੱਧ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਅਤੇ ਡੇਅਰੀਆਂ ਨੂੰ ਭਾਰੀ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਰਾਜਪਾਲ ਨੂੰ ਦੱਸਿਆ ਕਿ ਲੁਧਿਆਣਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ 703 ਮਿਲੀਅਨ ਲਿਟਰ ਪ੍ਰਤੀ ਦਿਨ ਅਣਸੋਧੇ ਪਾਣੀ ਨੂੰ ਸਾਫ਼ ਕਰਨ ਦੀ ਸਮਰੱਥਾ ਹੈ, ਜੋ ਬੁੱਢੇ ਦਰਿਆ ਦੀ ਸਫਾਈ ਵਿੱਚ ਯੋਗਦਾਨ ਪਾਉਂਦੀ ਹੈ। ਪੀ ਪੀ ਸੀ ਬੀ, ਸੀਵਰੇਜ ਬੋਰਡ, ਸਿੰਜਾਈ ਅਤੇ ਭੂਮੀ ਸੰਭਾਲ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਬੁੱਢੇ ਦਰਿਆ ਦੀ ਸੁਰਜੀਤੀ ਦੇ ਯਤਨਾਂ ਵਿੱਚ ਪਾਏ ਗਏ ਯੋਗਦਾਨ ਬਾਰੇ ਰਿਪੋਰਟਾਂ ਪੇਸ਼ ਕੀਤੀਆਂ। ਰਾਜਪਾਲ ਕਟਾਰੀਆ ਨੇ ਅਗਲੀ ਸਮੀਖਿਆ ਮੀਟਿੰਗ ਦਸੰਬਰ ਲਈ ਤੈਅ ਕਰਦਿਆਂ ਸਾਰੇ ਵਿਭਾਗਾਂ ਨੂੰ ਬੁੱਢਾ ਦਰਿਆ ਸੁਰਜੀਤੀ ਪ੍ਰਾਜੈਕਟ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਸਾਰਿਆਂ ਨਾਲ ਰਲ ਕੇ ਤੇਜ਼ੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਤਾਜਪੁਰ ਰੋਡ ਸੰਗਤ ਘਾਟ ਦਾ ਵੀ ਨਿਰੀਖਣ ਕੀਤਾ ਅਤੇ ਇਸ ਪਹਿਲਕਦਮੀ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
