ਜੀ ਐੱਸ ਟੀ ਦਰਾਂ ’ਚ ਸੋਧ: ਕੰਪਨੀਆਂ ਨੂੰ ਅਣਵਿਕੇ ਸਾਮਾਨ ’ਤੇ ਐੱਮ ਆਰ ਪੀ ’ਚ ਸੋਧ ਕਰਨ ਦੀ ਹਦਾਇਤ
ਕੇਂਦਰ ਸਰਕਾਰ ਨੇ ਕੰਪਨੀਆਂ ਨੂੰ ਜੀ ਐੱਸ ਟੀ ਦਰਾਂ ਵਿੱਚ ਹਾਲ ਹੀ ’ਚ ਕੀਤੀ ਸੋਧ ਮੁਤਾਬਕ ਅਣਵਿਕੇ ਸਾਮਾਨ ’ਤੇ ਦਰਜ ਐੱਮ ਆਰ ਪੀ ’ਚ ਸੋਧ ਕਰਨ ਲਈ ਆਖਿਆ ਹੈ। ਕੇਂਦਰ ਸਰਕਾਰ ਨੇ ਵੱਖ-ਵੱਖ ਉਤਪਾਦਾਂ ਤੇ ਸੇਵਾਵਾਂ ’ਤੇ ਜੀ ਐੱਸ ਟੀ ਘਟਾ ਦਿੱਤੀ ਹੈ, ਜੋ 22 ਸਤੰਬਰ ਤੋਂ ਲਾਗੂ ਹੋਵੇਗੀ। ਕੇਂਦਰੀ ਖ਼ੁਰਾਕ ਅਤੇ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ,‘ਨਵੀਆਂ ਜੀ ਐੱਸ ਟੀ ਦਰਾਂ ਅਨੁਸਾਰ ਉਤਪਾਦਕ, ਪੈਕਰ ਅਤੇ ਦਰਾਮਦਕਾਰ 31 ਦਸੰਬਰ 2025 ਤੱਕ (ਜਾਂ ਭੰਡਾਰ ਰਹਿਣ ਤੱਕ) ਬਿਨਾਂ ਵਿਕੇ ਸਟਾਕ ’ਤੇ ਐੱਮ ਆਰ ਪੀ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸੋਧੀਆਂ ਹੋਈਆਂ ਕੀਮਤਾਂ ਸਿਰਫ਼ ਜੀ ਐੱਸ ਟੀ ਵਿੱਚ ਹੋਈ ਤਬਦੀਲੀ ਨੂੁੰ ਹੀ ਦਿਖਾਉਣਗੀਆਂ। ਉਨ੍ਹਾਂ ਕਿਹਾ ਕਿ ਨਵਾਂ ਐੱਮ ਆਰ ਪੀ ਸਟਿੱਕਰ, ਸਟੈਂਪ ਜਾਂ ਆਨਲਾਈਨ ਪ੍ਰਿੰਟ ਦੇ ਨਾਲ ਹੀ ਦਿਖਾਈ ਦੇਣਾ ਚਾਹੀਦਾ ਹੈ ਜਦਕਿ ਪੁਰਾਣੀ ਐੱਮ ਆਰ ਪੀ ਵੀ ਨਾਲ ਹੀ ਦਿਖਣੀ ਚਾਹੀਦੀ ਹੈ। ਉਨ੍ਹਾਂ ਕੰਪਨੀਆਂ ਨੂੰ ਇਸ਼ਤਿਹਾਰਾਂ ਅਤੇ ਜਨਤਕ ਨੋਟਿਸਾਂ ਰਾਹੀਂ ਗਾਹਕਾਂ ਨੂੁੰ ਸੂਚਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।-ਪੀਟੀਆਈ