ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਹੌਰ ’ਵਰਸਿਟੀ ਵਿੱਚ ਸੰਸਕ੍ਰਿਤ ਦੀ ਵਾਪਸੀ

ਪਾਕਿਸਤਾਨ ’ਚ ਵੰਡ ਮਗਰੋਂ ਪਹਿਲੀ ਵਾਰ ਸ਼ੁਰੂ ਹੋਇਆ ਸੰਸਕ੍ਰਿਤ ਦਾ ਕੋਰਸ
Advertisement

ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਵਿੱਚ ਸੰਸਕ੍ਰਿਤ ਭਾਸ਼ਾ ਪੜ੍ਹਾਈ ਜਾ ਰਹੀ ਹੈ। ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਜ਼ (ਲੰਮਸ) ਨੇ ਇਸ ਕਲਾਸੀਕਲ ਭਾਸ਼ਾ ਦਾ ਕੋਰਸ ਸ਼ੁਰੂ ਕੀਤਾ ਹੈ। ਸ਼ੁਰੂਆਤ ਵਿੱਚ ਇਹ ਤਿੰਨ ਮਹੀਨਿਆਂ ਦੀ ਵਰਕਸ਼ਾਪ ਵਜੋਂ ਸ਼ੁਰੂ ਹੋਇਆ ਸੀ, ਪਰ ਵਿਦਿਆਰਥੀਆਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਇਸ ਨੂੰ ਪੂਰੇ ਚਾਰ ਕ੍ਰੈਡਿਟ ਵਾਲੇ ਯੂਨੀਵਰਸਿਟੀ ਕੋਰਸ ਵਿੱਚ ਤਬਦੀਲ ਕਰ ਦਿੱਤਾ ਗਿਆ।

ਗੁਰਮਾਨੀ ਸੈਂਟਰ ਦੇ ਡਾਇਰੈਕਟਰ ਡਾ. ਅਲੀ ਉਸਮਾਨ ਕਾਸਮੀ ਨੇ ਦੱਸਿਆ ਕਿ ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ ਵਿੱਚ ਸੰਸਕ੍ਰਿਤ ਦੀਆਂ ਬਹੁਤ ਹੀ ਅਨਮੋਲ ਹੱਥ-ਲਿਖਤਾਂ ਮੌਜੂਦ ਹਨ, ਪਰ 1947 ਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਵਿਦਵਾਨ ਨੇ ਇਨ੍ਹਾਂ ’ਤੇ ਕੰਮ ਨਹੀਂ ਕੀਤਾ। ਹੁਣ ਤੱਕ ਸਿਰਫ਼ ਵਿਦੇਸ਼ੀ ਖੋਜਾਰਥੀ ਹੀ ਇਨ੍ਹਾਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਉਮੀਦ ਜਤਾਈ ਕਿ ਸਥਾਨਕ ਵਿਦਵਾਨ ਤਿਆਰ ਹੋਣ ਨਾਲ ਇਹ ਸਥਿਤੀ ਬਦਲੇਗੀ। ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿੱਚ ਮਹਾਭਾਰਤ ਅਤੇ ਭਗਵਦ ਗੀਤਾ ’ਤੇ ਵੀ ਕੋਰਸ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।

Advertisement

ਇਸ ਪਹਿਲਕਦਮੀ ਡਾ. ਸ਼ਾਹਿਦ ਰਸ਼ੀਦ ਨੇ ਕੀਤੀ ਹੈ, ਜੋ ਫੋਰਮੈਨ ਕ੍ਰਿਸਚੀਅਨ ਕਾਲਜ ਵਿੱਚ ਸਮਾਜ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਹਨ। ਉਨ੍ਹਾਂ ਨੇ ਆਨਲਾਈਨ ਪਲੇਟਫਾਰਮਾਂ ਰਾਹੀਂ ਖੁਦ ਸੰਸਕ੍ਰਿਤ ਸਿੱਖੀ ਅਤੇ ਹੁਣ ਉਹ ਲੰਮਸ ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਲੋਕ ਪੜ੍ਹਾਉਂਦੇ ਹਨ ਤਾਂ ਵਿਦਿਆਰਥੀ ਇਹ ਜਾਣ ਕੇ ਹੈਰਾਨ ਰਹਿ ਜਾਂਦੇ ਹਨ ਕਿ ਉਰਦੂ ਦੇ ਕਈ ਸ਼ਬਦ ਸੰਸਕ੍ਰਿਤ ਤੋਂ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਕਿਸੇ ਇੱਕ ਧਰਮ ਦੀ ਨਹੀਂ ਸਗੋਂ ਪੂਰੇ ਖੇਤਰ ਦੀ ਸਾਂਝੀ ਵਿਰਾਸਤ ਹੈ।

ਰੁਕਾਵਟਾਂ ਦੀ ਜਗ੍ਹਾ ਭਾਸ਼ਾਵਾਂ ਪੁਲ ਬਣ ਸਕਦੀਆਂ ਨੇ: ਡਾ. ਰਸ਼ੀਦ

ਸਮਾਜ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਡਾ. ਸ਼ਾਹਿਦ ਰਸ਼ੀਦ ਨੇ ਕਿਹਾ ਕਿ ਜੇ ਭਾਰਤ ਵਿੱਚ ਹੋਰ ਹਿੰਦੂ ਅਤੇ ਸਿੱਖ ਅਰਬੀ ਸਿੱਖਣ ਅਤੇ ਪਾਕਿਸਤਾਨ ਵਿੱਚ ਹੋਰ ਮੁਸਲਮਾਨ ਸੰਸਕ੍ਰਿਤ ਸਿੱਖਣ, ਤਾਂ ਇਹ ਦੱਖਣੀ ਏਸ਼ੀਆ ਲਈ ਇੱਕ ਨਵੀਂ ਅਤੇ ਉਮੀਦ ਵਾਲੀ ਸ਼ੁਰੂਆਤ ਹੋ ਸਕਦੀ ਹੈ, ਜਿੱਥੇ ਭਾਸ਼ਾਵਾਂ ਰੁਕਾਵਟਾਂ ਦੀ ਬਜਾਏ ਪੁਲ ਬਣ ਜਾਣਗੀਆਂ। ਡਾ. ਅਲੀ ਉਸਮਾਨ ਕਾਸਮੀ ਨੇ ਕਿਹਾ ਕਿ ਇਹ ਪਹਿਲ ਯੂਨੀਵਰਸਿਟੀ ਦੇ ਭਾਸ਼ਾ ਈਕੋਸਿਸਟਮ ਦਾ ਹਿੱਸਾ ਹੈ, ਜਿਸ ਵਿੱਚ ਸਿੰਧੀ, ਪਸ਼ਤੋ, ਪੰਜਾਬੀ, ਬਲੋਚੀ, ਅਰਬੀ ਅਤੇ ਫਾਰਸੀ ਸ਼ਾਮਲ ਹਨ। ਵੇਦਾਂ ਦੀ ਰਚਨਾ ਇਸੇ ਖੇਤਰ ਵਿੱਚ ਹੋਈ ਮੰਨੀ ਜਾਂਦੀ ਹੈ, ਇਸ ਲਈ ਮੂਲ ਭਾਸ਼ਾ ਵਿੱਚ ਗ੍ਰੰਥਾਂ ਨੂੰ ਪੜ੍ਹਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।

Advertisement
Tags :
Breaking NewsLahore UniversitypunjabiPunjabi NewsPunjabi Tribuneਲਾਹੌਰ ’ਵਰਸਿਟੀ ਵਿੱਚ ਸੰਸਕ੍ਰਿਤ ਦੀ ਵਾਪਸੀ
Show comments