ਐਂਬੂਲੈਂਸਾਂ ’ਚ ਸਹੂਲਤਾਂ ਦੇਣ ਬਾਰੇ ਅਰਜ਼ੀ ’ਤੇ ਕੇਂਦਰ ਤੋਂ ਜਵਾਬ ਮੰਗਿਆ
ਸੁਪਰੀਮ ਕੋਰਟ ਨੇ ਚਾਰ ਹਫ਼ਤਿਆਂ ਦਾ ਦਿੱਤਾ ਸਮਾਂ
Advertisement
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਹੋਰ ਧਿਰਾਂ ਤੋਂ ਇਕ ਅਰਜ਼ੀ ’ਤੇ ਜਵਾਬ ਮੰਗਿਆ ਹੈ ਜਿਸ ’ਚ ਐਂਬੂਲੈਂਸਾਂ ਵਿੱਚ ਹਰ ਸਮੇਂ ਢੁੱਕਵੀਆਂ ਜੀਵਨ ਰੱਖਿਅਕ ਸਹੂਲਤਾਂ ਯਕੀਨੀ ਬਣਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਚੀਫ਼ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ 10 ਅਕਤੂਬਰ ਨੂੰ ਨੋਟਿਸ ਜਾਰੀ ਕਰਦਿਆਂ ਚਾਰ ਹਫ਼ਤਿਆਂ ’ਚ ਜਵਾਬ ਮੰਗਿਆ ਹੈ। ਅਰਜ਼ੀ ’ਚ ਕੇਂਦਰ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੂੰ ਧਿਰ ਬਣਾਇਆ ਗਿਆ ਹੈ। ਸਾਯੰਸ਼ਾ ਪਨੰਗੀਪੱਲੀ ਅਤੇ ਪ੍ਰਿਯਾ ਸਰਕਾਰ ਵੱਲੋਂ ਦਾਖ਼ਲ ਪਟੀਸ਼ਨ ’ਚ ਇਹ ਵੀ ਮੰਗ ਕੀਤੀ ਗਈ ਹੈ ਕਿ ਐਂਬੂਲੈਂਸਾਂ ਦੀ ਮੌਜੂਦਾ ਸਥਿਤੀ ’ਤੇ ਨਜ਼ਰਸਾਨੀ ਕਰਨ ਲਈ ਸੁਤੰਤਰ ਕਮੇਟੀ ਬਣਾਈ ਜਾਵੇ। ਪਨੰਗੀਪੱਲੀ ਏਮਸ ਦੇ ਡਾਇਰੈਕਟਰ ਰਹੇ ਕਾਰਡੀਓ ਸਰਜਨ ਡਾਕਟਰ ਪੀ. ਵੇਣੂਗੋਪਾਲ ਦੀ ਧੀ ਹੈ ਜਦਕਿ ਪ੍ਰਿਯਾ ਸਰਕਾਰ ਉਨ੍ਹਾਂ ਦੀ ਪਤਨੀ ਹੈ। ਅਰਜ਼ੀ ’ਚ ਕਿਹਾ ਗਿਆ ਕਿ ਐਂਬੂਲੈਂਸਾਂ ’ਚ ਐਮਰਜੈਂਸੀ ਸਹੂਲਤਾਂ ਦੀ ਘਾਟ ਦਾ ਅਹਿਸਾਸ ਉਸ ਸਮੇਂ ਹੋਇਆ ਜਦੋਂ ਡਾਕਟਰ ਪੀ. ਵੇਣੂਗੋਪਾਲ ਨੇ ਖੁਦ ਹਸਪਤਾਲ ਦੇ ਐਮਰਜੈਂਸੀ ਕਮਰੇ ’ਚ ਜਾਂਦੇ ਸਮੇਂ ਦਮ ਤੋੜ ਦਿੱਤਾ ਸੀ ਕਿਉਂਕਿ ਐਂਬੂਲੈਂਸ ’ਚ ਢੁੱਕਵੀਆਂ ਐਮਰਜੈਂਸੀ ਜੀਵਨ ਰੱਖਿਅਕ ਸਹੂਲਤਾਂ ਨਹੀਂ ਸਨ ਜਿਸ ਕਾਰਨ ਉਨ੍ਹਾਂ ਨੂੰ ਸਹੀ ਸਮੇਂ ’ਤੇ ਆਕਸੀਜਨ ਨਹੀਂ ਮਿਲ ਸਕੀ ਸੀ।
Advertisement
Advertisement