ਗਰਮ ਹੀ ਨਹੀਂ, ਨਰਮ ਵੀ ਸੀ ਧਰਮ
ਆਪਣੇ ਜੁੱਸੇ ਅਤੇ ਮੁੱਕਿਆਂ ਨਾਲ ਖਲਨਾਇਕਾਂ ’ਚ ਖ਼ੌਫ਼ ਪੈਦਾ ਕਰ ਦੇਣ ਵਾਲੇ ਧਰਮਿੰਦਰ ਗੰਭੀਰ ਕਿਰਦਾਰਾਂ ਨਾਲ ਵੀ ਦਰਸ਼ਕਾਂ ਨੂੰ ਭਾਵੁਕ ਕਰ ਦਿੰਦੇ ਸਨ। ਹਲਕੀ ਜਿਹੀ ਮੁਸਕਾਨ ਨਾਲ ਦਿਲ ਜਿੱਤਣ ਦੇ ਨਾਲ-ਨਾਲ ਉਹ ਕਾਮੇਡੀ ਵਾਲੀਆਂ ਭੂਮਿਕਾਵਾਂ ਨਿਭਾਅ ਕੇ ਦਰਸ਼ਕਾਂ ਨੂੰ ਲੋਟ-ਪੋਟ ਕਰ ਦਿੰਦੇ ਸਨ। ਧਰਮਿੰਦਰ ਅਜਿਹੇ ਵਿਲੱਖਣ ਅਦਾਕਾਰ ਸਨ ਜਿਨ੍ਹਾਂ ਕਰੀਬ 65 ਸਾਲ ਦੇ ਆਪਣੇ ਕਰੀਅਰ ’ਚ ਬਿਨਾਂ ਰੁਕੇ ਲਗਾਤਾਰ ਫਿਲਮਾਂ ਕੀਤੀਆਂ। ਤਿੰਨ ਸੌ ਤੋਂ ਵਧ ਫਿਲਮਾਂ ’ਚ ਕੰਮ ਕਰ ਚੁੱਕੇ ਧਰਮਿੰਦਰ ਨੂੰ ਅਕਸਰ ‘ਗਰੀਕ ਗੌਡ’ (ਜਿਨ੍ਹਾਂ ਦੀ ਖ਼ੂਬਸੂਰਤੀ ਬੇਮਿਸਾਲ ਮੰਨੀ ਜਾਂਦੀ ਹੈ) ਆਖਿਆ ਜਾਂਦਾ ਸੀ।
ਮਰਦਊਪੁਣਾ, ਭਾਵੁਕਤਾ ਅਤੇ ਕ੍ਰਿਸ਼ਮੇ ਜਿਹੇ ਗੁਣਾਂ ਨਾਲ ਲਬਰੇਜ਼ ਸਭ ਤੋਂ ਖੂਬਸੂਰਤ ਅਦਾਕਾਰਾਂ ’ਚ ਸ਼ੁਮਾਰ ਧਰਮਿੰਦਰ ਨੇ ਗੰਭੀਰ ਫਿਲਮ ‘ਸੱਤਿਆਕਾਮ’ ਤੋਂ ਲੈ ਕੇ ਰੁਮਾਂਟਿਕ ਫਿਲਮ ‘ਬਹਾਰੇਂ ਫਿਰ ਭੀ ਆਏਂਗੀ’ ਅਤੇ ਫਿਰ ਐਕਸ਼ਨ ਨਾਲ ਸਜੀ ‘ਸ਼ੋਅਲੇ’ ਤੋਂ ਲੈ ਕੇ ਕਾਮੇਡੀ ਫਿਲਮ ‘ਚੁਪਕੇ ਚੁਪਕੇ’ ਤੱਕ ਹਰ ਤਰ੍ਹਾਂ ਦੀਆਂ ਫਿਲਮਾਂ ’ਚ ਨਾਮਣਾ ਖੱਟਿਆ। ਉਨ੍ਹਾਂ ਨਾਲ ਕਰੀਅਰ ਸ਼ੁਰੂ ਕਰਨ ਵਾਲੇ ਜਾਂ ਸਮਕਾਲੀ ਕਈ ਕਲਾਕਾਰ ਅਦਾਕਾਰੀ ਦੀ ਦੁਨੀਆ ਛੱਡ ਕੇ ਲਾਂਭੇ ਹੁੰਦੇ ਰਹੇ ਪਰ ਧਰਮਿੰਦਰ ਲਗਾਤਾਰ ਫਿਲਮਾਂ ’ਚ ਦਿਖਾਈ ਦਿੰਦੇ ਰਹੇ। 2023 ’ਚ 88 ਸਾਲ ਦੀ ਉਮਰ ’ਚ ਉਨ੍ਹਾਂ ਕਰਨ ਜੌਹਰ ਦੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਸ਼ਬਾਨਾ ਆਜ਼ਮੀ ਨਾਲ ਰੁਮਾਂਸ ਕੀਤਾ ਸੀ। ਇਸ ਦੌਰ ’ਚ ਉਨ੍ਹਾਂ ਦੀ ਚਾਲ ਹੌਲੀ ਹੋ ਗਈ ਸੀ ਅਤੇ ਸਰੀਰ ਤੋਂ ਉਮਰ ਝਲਕ ਰਹੀ ਸੀ ਪਰ ਅੱਖਾਂ ਦੀ ਚਮਕ ਅਤੇ ਪਿਆਰੀ ਜਿਹੀ ਮੁਸਕਾਨ ਪਹਿਲਾਂ ਵਾਂਗ ਕਾਇਮ ਰਹੀ। ਧਰਮਿੰਦਰ ਨੇ ਰਾਜੇਸ਼ ਖੰਨਾ ਦੇ ਸੁਪਰ ਸਟਾਰ ਦੇ ਅਕਸ ਅਤੇ ਅਮਿਤਾਭ ਬੱਚਨ ਦੀ ਵਧਦੀ ਮਕਬੂਲੀਅਤ ਦਰਮਿਆਨ ਵੀ ਮਜ਼ਬੂਤੀ ਨਾਲ ਆਪਣੇ ਪੈਰ ਬਾਲੀਵੁੱਡ ’ਚ ਜਮਾਈ ਰੱਖੇ ਸਨ।
ਧਰਮਿੰਦਰ ਨੂੰ ਸਿਆਸਤ ਰਾਸ ਨਾ ਆਈ
ਦਹਾਕਿਆਂ ਤੱਕ ਫਿਲਮੀ ਪਰਦੇ ’ਤੇ ਰਾਜ ਕਰਨ ਵਾਲੇ ਅਦਾਕਾਰ ਧਰਮਿੰਦਰ ਦਾ ਸਿਆਸੀ ਸਫ਼ਰ ਕਾਫ਼ੀ ਚਰਚਿਤ ਪਰ ਛੋਟਾ ਰਿਹਾ। ਲੁਧਿਆਣਾ ਨੇੜਲੇ ਪਿੰਡ ਸਾਹਨੇਵਾਲ ਦੇ ਜੰਮਪਲ ਧਰਮਿੰਦਰ ਨੇ 2004 ਵਿੱਚ ਰਾਜਸਥਾਨ ਦੇ ਬੀਕਾਨੇਰ ਤੋਂ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਚੋਣ ਲੜੀ ਅਤੇ ਜਿੱਤੀ ਵੀ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਫੈਸਲੇ ’ਤੇ ਪਛਤਾਵਾ ਜ਼ਾਹਰ ਕੀਤਾ। ਬਾਅਦ ਵਿੱਚ ਉਨ੍ਹਾਂ ਮੁੜ ਕਦੀ ਚੋਣ ਨਹੀਂ ਲੜੀ।
ਇੱਕ ਇੰਟਰਵਿਊ ਦੌਰਾਨ ਧਰਮਿੰਦਰ ਨੇ ਕਿਹਾ ਸੀ ਕਿ ਅਦਾਕਾਰਾਂ ਨੂੰ ਸਿਆਸਤ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਇਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੰਡੇ ਜਾਂਦੇ ਹਨ। ਉਨ੍ਹਾਂ ਮੰਨਿਆ ਕਿ ਉਹ ਸਿਆਸਤ ਵਿੱਚ ਘੁਟਣ ਮਹਿਸੂਸ ਕਰਦੇ ਸਨ। 2010 ਵਿੱਚ ਲੁਧਿਆਣਾ ’ਚ ਸਮਾਗਮ ਦੌਰਾਨ ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਿਸ ਦਿਨ ਉਨ੍ਹਾਂ ਨੇ ਚੋਣ ਲੜਨ ਲਈ ਹਾਂ ਕੀਤੀ ਸੀ, ਉਸ ਦਿਨ ਉਨ੍ਹਾਂ ਨੇ ਸ਼ੀਸ਼ੇ ਵਿੱਚ ਸਿਰ ਮਾਰ ਕੇ ਅਫ਼ਸੋਸ ਕੀਤਾ ਸੀ।
ਬਾਅਦ ਵਿੱਚ ਜਦੋਂ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਨੇ ਮਥੁਰਾ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਤਾਂ ਧਰਮਿੰਦਰ ਨੇ ਉਨ੍ਹਾਂ ਨੂੰ ਵੀ ਰੋਕਿਆ ਸੀ, ਪਰ ਹੇਮਾ ਨੇ ਇਸ ਨੂੰ ਚੁਣੌਤੀ ਵਜੋਂ ਸਵੀਕਾਰ ਕੀਤਾ। 2019 ਵਿੱਚ ਉਹ ਆਪਣੇ ਪੁੱਤਰ ਸਨੀ ਦਿਓਲ ਦੇ ਹੱਕ ਵਿੱਚ ਗੁਰਦਾਸਪੁਰ ’ਚ ਪ੍ਰਚਾਰ ਕਰਨ ਪਹੁੰਚੇ ਸਨ। ਸਨੀ ਦਿਓਲ ਵੀ ਜਿੱਤਣ ਮਗਰੋਂ ਸਿਆਸਤ ਤੋਂ ਦੂਰ ਹੀ ਰਹੇ। ਕਿਸਾਨ ਅੰਦੋਲਨ ਦੌਰਾਨ ਧਰਮਿੰਦਰ ਨੇ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਇਹ ਪੋਸਟ ਡਿਲੀਟ ਕਰ ਦਿੱਤੀ ਸੀ।
ਆਪਣੇ ਮਹਿਬੂਬ ਅਦਾਕਾਰ ਲਈ ਇਹ ਜੋਖ਼ਮ ਵੀ ਉਠਾਇਆ...
ਫਿਲਮੀ ਦੁਨੀਆ ’ਚ ਕਦਮ ਰੱਖਣ ਤੋਂ ਪਹਿਲਾਂ ਧਰਮਿੰਦਰ ਸਿੱਧਾ ਆਪਣੇ ਆਦਰਸ਼ ਦਿਲੀਪ ਕੁਮਾਰ ਦੇ ਘਰ ਗਏ ਤੇ ਉਨ੍ਹਾਂ ਦੇ ਬੈੱਡਰੂਮ ਤੱਕ ਪਹੁੰਚ ਗਏ ਸਨ ਪਰ ਜਦੋਂ ਦਿਲੀਪ ਕੁਮਾਰ ਨੇ ਰੌਲਾ ਪਾਇਆ ਤਾਂ ਉਹ ਉੱਥੋਂ ਭੱਜ ਗਏ। 1952 ਦੀ ਇਸ ਘਟਨਾ ਦਾ ਜ਼ਿਕਰ ਧਰਮਿੰਦਰ ਨੇ ਖੁਦ ਦਿਲੀਪ ਕੁਮਾਰ ਦੀ ਸਵੈਜੀਵਨੀ ‘ਦਿ ਸਬਜੈਕਟ ਐਂਡ ਦਿ ਸ਼ੈਡੋ’ ਦੇ ‘ਯਾਦਾਂ’ ਵਾਲੇ ਹਿੱਸੇ ’ਚ ਕੀਤਾ ਹੈ।
ਧਰਮਿੰਦਰ ਨੇ ਦੱਸਿਆ, ‘‘1952 ਵਿੱਚ ਜਦੋਂ ਮੈਂ ਕਾਲਜ ਦੇ ਦੂਜੇ ਸਾਲ ਵਿੱਚ ਸੀ ਤਾਂ ਮੈਂ ਲੁਧਿਆਣੇ ਦੇ ਛੋਟੇ ਜਿਹੇ ਕਸਬੇ ਤੋਂ ਬੰਬਈ (ਮੁੰਬਈ) ਪੁੱਜਾ। ਮੈਂ ਦਿਲੀਪ ਕੁਮਾਰ ਨੂੰ ਮਿਲਣਾ ਚਾਹੁੰਦਾ ਸੀ। ਬੰਬਈ ਪਹੁੰਚਣ ਤੋਂ ਅਗਲੇ ਹੀ ਦਿਨ ਮੈਂ ਬੇਝਿਜਕ ਬਾਂਦਰਾ ਦੀ ਪਾਲੀ ਮਾਲਾ ਇਲਾਕੇ ਵਿੱਚ ਉਨ੍ਹਾਂ ਦੇ ਘਰ ਗਿਆ। ਗੇਟ ’ਤੇ ਕਿਸੇ ਨੇ ਵੀ ਮੈਨੂੰ ਨਹੀਂ ਰੋਕਿਆ। ਮੈਂ ਸਿੱਧਾ ਘਰ ਅੰਦਰ ਚਲਾ ਗਿਆ। ਅੰਦਰ ਵੀ ਕਿਸੇ ਨੇ ਮੈਨੂੰ ਨਹੀਂ ਰੋਕਿਆ ਤੇ ਇਸ ਲਈ ਮੈਂ ਪੌੜੀਆਂ ਚੜ੍ਹ ਕੇ ਇੱਕ ਕਮਰੇ ਬਾਹਰ ਖੜ੍ਹਾ ਹੋ ਗਿਆ।’’ ਧਰਮਿੰਦਰ ਨੇ ਯਾਦ ਕੀਤਾ, ‘‘ਗੋਰਾ, ਪਤਲਾ, ਖ਼ੂਬਸੂਰਤ ਨੌਜਵਾਨ ਅੰਦਰ ਸੁੱਤਾ ਪਿਆ ਸੀ। ਦਿਲੀਪ ਕੁਮਾਰ ਅਚਾਨਕ ਘਬਰਾ ਕੇ ਉੱਠੇ ਤੇ ਕਿਸੇ ਅਣਜਾਣ ਨੂੰ ਆਪਣੇ ਬੈੱਡਰੂਮ ਦੇ ਦਰਵਾਜ਼ੇ ’ਤੇ ਦੇਖ ਕੇ ਉੱਚੀ ਆਵਾਜ਼ ’ਚ ਨੌਕਰ ਨੂੰ ਸੱਦਿਆ ਤਾਂ ਮੈਂ ਡਰ ਕੇ ਪੌੜੀਆਂ ਉੱਤਰਿਆ ਤੇ ਘਰੋਂ ਬਾਹਰ ਨਿਕਲ ਗਿਆ। ਪਿੱਛੇ ਵੀ ਦੇਖ ਰਿਹਾ ਸਾਂ ਕਿ ਕਿਤੇ ਕੋਈ ਮੇਰਾ ਪਿੱਛਾ ਤਾਂ ਨਹੀਂ ਕਰ ਰਿਹਾ।’’ ਉਨ੍ਹਾਂ ਦੱਸਿਆ ਕਿ ਉਹ ਉੱਥੋਂ ਸਿੱਧਾ ਕੈਫੇਟੇਰੀਆ ਪਹੁੰਚੇ ਤੇ ਅੰਦਰ ਜਾ ਕੇ ਠੰਢੀ ਲੱਸੀ ਪੀਤੀ।
