ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੀ ਐੱਸ ਟੀ ਦੀਆਂ ਘਟੀਆਂ ਦਰਾਂ ਅੱਜ ਤੋਂ ਹੋਣਗੀਆਂ ਲਾਗੂ

ਅਾਮ ਵਰਤੋਂ ਦੀਆਂ ਵਸਤਾਂ ਹੋਣਗੀਆਂ ਸਸਤੀਆਂ
Advertisement

ਵਸਤੂ ਤੇ ਸੇਵਾ ਕਰ (ਜੀ ਐੱਸ ਟੀ) ’ਚ ਕਟੌਤੀ ਅੱਜ ਸੋਮਵਾਰ ਤੋਂ ਲਾਗੂ ਹੋਵੇਗੀ। ਜੀ ਐੱਸ ਟੀ ਦਰਾਂ ਘਟਣ ਨਾਲ ਰਸੋਈ ਦਾ ਸਾਮਾਨ, ਇਲੈਕਟ੍ਰਾਨਿਕਸ ਉਪਕਰਨ, ਦਵਾਈਆਂ ਅਤੇ ਮੈਡੀਕਲ ਉਪਕਰਨਾਂ ਤੋਂ ਲੈ ਕੇ ਵਾਹਨਾਂ ਤੱਕ ਲਗਪਗ 375 ਵਸਤਾਂ ਸਸਤੀਆਂ ਹੋ ਜਾਣਗੀਆਂ। ਜੀ ਐੱਸ ਟੀ ਕੌਂਸਲ ਵੱਲੋਂ ਖਪਤਕਾਰਾਂ ਨੂੰ ਰਾਹਤ ਦਿੰਦਿਆਂ 22 ਸਤੰਬਰ (ਨਰਾਤਿਆਂ ਦੇ ਪਹਿਲੇ ਦਿਨ) ਤੋਂ ਜੀ ਐੱਸ ਟੀ ਦਰਾਂ ਘਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਘਿਓ, ਪਨੀਰ, ਮੱਖਣ, ਨਮਕੀਨ, ਕੈਚਅਪ, ਜੈਮ, ਸੁੱਕੇ ਮੇਵੇ, ਕੌਫੀ ਅਤੇ ਆਈਸਕ੍ਰੀਮ ਵਰਗੀਆਂ ਆਮ ਵਰਤੋਂ ਦੀਆਂ ਚੀਜ਼ਾਂ ਤੋਂ ਇਲਾਵਾ ਟੀਵੀ, ਏਅਰ ਕੰਡੀਸ਼ਨਰ (ਏ ਸੀ), ਵਾਸ਼ਿੰਗ ਮਸ਼ੀਨ ਵਰਗੇ ਮਹਿੰਗੇ ਉਤਪਾਦ ਵੀ ਸਸਤੇ ਹੋ ਜਾਣਗੇ।

ਜੀਐੱਸਟੀ ਦਰਾਂ ਵਿੱਚ ਬਦਲਾਅ ਦੇ ਮੱਦੇਨਜ਼ਰ ਰੋਜ਼ਾਨਾ ਵਰਤੋਂ ਦਾ ਸਾਮਾਨ ਬਣਾਉਣ ਵਾਲੀਆਂ (ਐੱਫ ਐੱਮ ਸੀ ਜੀ) ਕਈ ਕੰਪਨੀਆਂ ਨੇ ਪਹਿਲਾਂ ਹੀ ਕੀਮਤਾਂ ਘਟਾਉਣ ਦਾ ਐਲਾਨ ਕਰ ਦਿੱਤਾ ਹੈ। ਜ਼ਿਆਦਾਤਰ ਦਵਾਈਆਂ ਤੇ ਫਾਰਮੁਲੇਸ਼ਨ ਅਤੇ ਗਲੂਕੋਮੀਟਰ ਤੇ ਡਾਇਗਨੌਸਟਿਕ ਕਿੱਟ ਵਰਗੇ ਮੈਡੀਕਲ ਉਪਕਰਨਾਂ ’ਤੇ ਜੀ ਐੱਸ ਟੀ ਦਰ ਘਟ ਕੇ ਪੰਜ ਫ਼ੀਸਦ ਹੋਣ ਨਾਲ ਆਮ ਲੋਕਾਂ ਨੂੰ ਦਵਾਈਆਂ ਸਸਤੀਆਂ ਮਿਲਣਗੀਆਂ। ਸੀਮਿੰਟ ’ਤੇ ਜੀ ਐੱਸ ਟੀ 28 ਤੋਂ ਘਟਾ ਕੇ 18 ਫ਼ੀਸਦ ਕੀਤੀ ਗਈ ਹੈ।

Advertisement

ਜੀ ਐੱਸ ਟੀ ਦਰਾਂ ’ਚ ਕਟੌਤੀ ਨਾਲ ਸਭ ਤੋਂ ਵੱਡਾ ਦਾ ਫਾਇਦਾ ਵਾਹਨ ਖਰੀਦਣ ਵਾਲਿਆਂ ਨੂੰ ਹੋਵੇਗਾ ਕਿਉਂਕਿ ਛੋਟੀਆਂ ਅਤੇ ਵੱਡੀਆਂ ਕਾਰਾਂ ’ਤੇ ਦਰ ਕ੍ਰਮਵਾਰ 18 ਤੇ 28 ਫ਼ੀਸਦ ਕੀਤੀ ਗਈ ਹੈ। ਕਾਰਾਂ ਦੀਆਂ ਕਈ ਕੰਪਨੀਆਂ ਨੇ ਪਹਿਲਾਂ ਹੀ ਕੀਮਤਾਂ ਘਟਾਉਣ ਦਾ ਐਲਾਨ ਕਰ ਦਿੱਤਾ ਹੈ। ਸੇਵਾਵਾਂ ਦੇ ਖੇਤਰ ’ਚ ਸਿਹਤ ਕਲੱਬ, ਸੈਲੂਨ, ਹਜ਼ਾਮਤ ਦੀਆਂ ਦੁਕਾਨਾਂ, ਫਿਟਨੈੱਸ ਸੈਂਟਰ, ਯੋਗ ਆਦਿ ਸੇਵਾਵਾਂ ’ਤੇ ਇਨਪੁਟ ਟੈਕਸ ਕ੍ਰੈਡਿਟ (ਆਈ ਟੀ ਸੀ) 18 ਫ਼ੀਸਦ ਤੋਂ ਘਟਾ ਕੇ ਬਿਨਾਂ ਟੈਕਸ ਕ੍ਰੈਡਿਟ ਤੋਂ 5 ਫ਼ੀਸਦ ਕੀਤਾ ਗਿਆ ਹੈ। ਟੈਕਸ ਦਰ ਘਟਣ ਨਾਲ ਵਾਲਾਂ ਨੂੰ ਲਾਉਣ ਵਾਲੇ ਤੇਲ, ਸਾਬਣ, ਸ਼ੈਂਪੂ, ਟੁੱਥਬਰੱਸ਼, ਟੁੱਥਪੇਸਟ ਆਦਿ ਰੋਜ਼ਮੱਰ੍ਹਾ ਦੀਆਂ ਵਸਤਾਂ ਤੋਂ ਇਲਾਵਾ ਟੈਲਕਮ ਪਾਊੁਡਰ, ਫੇਸ ਪਾਊਡਰ, ਸ਼ੇਵਿੰਗ ਕਰੀਮ ਆਦਿ ਵੀ ਸਸਤੇ ਹੋ ਸਕਦੇ ਹਨ।

ਸੋਮਵਾਰ 22 ਸਤੰਬਰ ਤੋਂ ਜੀ ਐੱਸ ਟੀ ਦੀਆਂ ਦੋ ਸਲੈਬਾਂ ਹੋਣਗੀਆਂ। ਬਹੁਤੀਆਂ ਵਸਤਾਂ ਅਤੇ ਸੇਵਾਵਾਂ ’ਤੇ 5 ਅਤੇ 18 ਫ਼ੀਸਦ ਟੈਕਸ ਲੱਗੇਗਾ। ਲਗਜ਼ਰੀ ਵਸਤਾਂ ਲਈ ਟੈਕਸ ਦਰ 40 ਫ਼ੀਸਦ ਹੋਵੇਗੀ। ਤੰਬਾਕੂ ਤੇ ਉਸ ਨਾਲ ਸਬੰਧਤ ਉਤਪਾਦਾਂ ’ਤੇ 28 ਫ਼ੀਸਦ ਉਪ ਕਰ (ਸੈੱਸ) ਲੱਗੇਗਾ। ਹੁਣ ਜੀ ਐੱਸ ਟੀ ਦੀਆਂ 5, 12, 18 ਅਤੇ 28 ਫ਼ੀਸਦ ਦੀਆਂ ਚਾਰ ਸਲੈਬਾਂ ਹਨ। ਜੀ ਐੱਸ ਟੀ ਘਟਣ ਨਾਲ ਹੋਟਲਾਂ ’ਚ 7,500 ਰੁਪਏ ਜਾਂ ਉਸ ਤੋਂ ਘੱਟ ਕਿਰਾਏ ਵਾਲੇ ਕਮਰੇ 525 ਰੁਪਏ ਸਸਤੇ ਹੋ ਜਾਣਗੇ। ਹੋਟਲ ਉਦਯੋਗ ਲਈ ਆਈ ਸੀ ਟੀ ਤੋਂ ਬਿਨਾਂ ਜੀ ਐੱਸ ਟੀ ਦਰ 12 ਤੋਂ ਘਟਾ ਕੇ 5 ਫ਼ੀਸਦ ਕੀਤੀ ਗਈ ਹੈ। ਹੋਟਲ ਐਸੋਸੀਏਸ਼ਨ ਆਫ ਇੰਡੀਆ ਮੁਤਾਬਕ ਇਸ ਕਟੌਤੀ ਨਾਲ ਕਮਰੇ ਦਾ ਕਿਰਾਇਆ 7 ਫ਼ੀਸਦ ਘੱਟ ਜਾਵੇਗਾ।

-ਪੀਟੀਆਈ

ਟੈਲੀਵਿਜ਼ਨ 2500 ਤੋਂ 85,000 ਰੁਪਏ ਤੱਕ ਸਸਤੇ ਹੋਣਗੇ

ਨਵੀਂ ਦਿੱਲੀ: ਟੈਲੀਵਿਜ਼ਨ ਨਿਰਮਾਤਾ ਖਪਤਕਾਰਾਂ ਨੂੰ ਜੀਐੱਸਟੀ ਕਟੌਤੀ ਦਾ ਲਾਭ ਦੇਣ ਲਈ ਆਪਣੇ ਉਤਪਾਦਾਂ ਦੀਆਂ ਕੀਮਤਾਂ 2,500 ਰੁਪਏ ਤੋਂ 85,000 ਰੁਪਏ ਤੱਕ ਘਟਾ ਰਹੇ ਹਨ। ਸੋਮਵਾਰ ਤੋਂ 32 ਇੰਚ ਤੋਂ ਵੱਡੇ ਆਕਾਰ ਦੀ ਸਕਰੀਨ ਵਾਲੇ ਟੀਵੀ ਸੈੱਟਾਂ ’ਤੇ ਡਿਊਟੀ ਮੌਜੂਦਾ 28 ਫ਼ੀਸਦ ਤੋਂ ਘਟ ਕੇ 18 ਫ਼ੀਸਦ ਹੋ ਜਾਵੇਗੀ। ਸੋਨੀ, ਐੱਲਜੀ ਅਤੇ ਪੈਨਾਸੌਨਿਕ ਵਰਗੇ ਮੁੱਖ ਟੀਵੀ ਨਿਰਮਾਤਾਵਾਂ ਨੇ 22 ਸਤੰਬਰ ਤੋਂ ਘੱਟ ਐੱਮਆਰਪੀ ਨਾਲ ਇੱਕ ਨਵੀਂ ਕੀਮਤ ਸੂਚੀ ਤਿਆਰ ਕੀਤੀ ਹੈ। ਟੀਵੀ ਨਿਰਮਾਤਾਵਾਂ ਨੇ ਪਹਿਲਾਂ ਹੀ ਸਕਰੀਨ ਦੇ ਆਕਾਰ ਅਤੇ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ 2,500 ਤੋਂ 85,000 ਰੁਪਏ ਤੱਕ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ, ਤਾਂ ਜੋ ਜੀ ਐਸ ਟੀ ਵਿੱਚ 10 ਫੀਸਦ ਕਟੌਤੀ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਇਆ ਜਾ ਸਕੇ। -ਪੀਟੀਆਈ

ਕੈਂਸਰ, ਜੈਨੇਟਿਕ ਤੇ ਦੁਰਲੱਭ ਬਿਮਾਰੀਆਂ ਦੀਆਂ ਦਵਾਈਆਂ ਟੈਕਸ ਮੁਕਤ

ਨਵੀਆਂ ਦਰਾਂ ਲਾਗੂ ਹੋਣ ਨਾਲ ਕੁਝ ਜੀਵਨ ਰੱਖਿਅਕ ਦਵਾਈਆਂ ਤੇ ਮੈਡੀਕਲ ਉਪਕਰਨ ਸਸਤੇ ਹੋ ਜਾਣਗੇ। ਭਾਰਤੀ ਫਾਰਮਾਸਿਊਟੀਕਲ ਅਲਾਇੰਸ ਦੇ ਸਕੱਤਰ ਜਨਰਲ ਸੁਦਰਸ਼ਨ ਜੈਨ ਨੇ ਕਿਹਾ ਕਿ ਜੀ ਐੱਸ ਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਨਾਲ ਲੋਕਾਂ ਲਈ ਸਿਹਤ ਸੇਵਾਵਾਂ ਹੋਰ ਕਿਫਾਇਤੀ ਤੇ ਸੁਚਾਰੂ ਹੋ ਜਾਣਗੀਆਂ। ਬਹੁਤੀਆਂ ਦਵਾਈਆਂ ’ਤੇ ਹੁਣ ਸਿਰਫ 5 ਫ਼ੀਸਦ ਟੈਕਸ ਲੱਗੇਗਾ। ਇਸ ਤੋਂ ਇਲਾਵਾ ਕੈਂਸਰ, ਜੈਨੇਟਿਕ ਤੇ ਦੁਰਲੱਭ ਬਿਮਾਰੀਆਂ ਤੇ ਦਿਲ ਦੇ ਰੋਗਾਂ ਨਾਲ ਸਬੰਧਤ 36 ਅਹਿਮ ਜੀਵਨ ਰੱਖਿਅਕ ਦਵਾਈਆਂ ਹੁਣ ਪੂਰੀ ਤਰ੍ਹਾਂ ਟੈਕਸ ਮੁਕਤ ਕਰ ਦਿੱਤੀਆਂ ਗਈਆਂ ਹਨ। -ਪੀਟੀਆਈ

ਜੀ ਐੱਸ ਟੀ ਸੁਧਾਰ ਭਾਰਤ ਦੇ ਵਿਕਾਸ ਨੂੰ ਗਤੀ ਦੇਣਗੇ: ਮੋਦੀ

 

ਨਵੀਂ ਦਿੱਲੀ, 21 ਸਤੰਬਰ

ਜੀ ਐੱਸ ਟੀ ਦਰਾਂ ’ਚ ਕਟੌਤੀ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵਦੇਸ਼ੀ ਵਸਤਾਂ ਨੂੰ ਹੁਲਾਰਾ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ ਅਗਲੀ ਪੀੜ੍ਹੀ ਦੇ ਜੀ ਐੱਸ ਟੀ ਸੁਧਾਰ ਭਾਰਤ ਦੇ ਵਿਕਾਸ ਦੀ ਕਹਾਣੀ ਨੂੰ ਗਤੀ ਦੇਣਗੇ, ਕਾਰੋਬਾਰੀ ਸੌਖ ਨੂੰ ਵਧਾਉਣਗੇ ਅਤੇ ਵੱਧ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਣਗੇ। ਮੋਦੀ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ’ਚ ਕਿਹਾ ਕਿ ਨਰਾਤਿਆਂ ਦੇ ਪਹਿਲੇ ਦਿਨ ਤੋਂ ‘ਜੀ ਐੱਸ ਟੀ ਬੱਚਤ ਉਤਸਵ’ ਸ਼ੁਰੂ ਹੋਵੇਗਾ ਅਤੇ ਆਮਦਨ ਕਰ ਛੋਟ ਦੇ ਨਾਲ ਇਹ ਜ਼ਿਆਦਾਤਰ ਲੋਕਾਂ ਲਈ ‘ਦੋਹਰਾ ਲਾਭ’ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਕਾਸ ਦੀ ਦੌੜ ’ਚ ਸਾਰੇ ਰਾਜ ਬਰਾਬਰ ਦੀ ਧਿਰ ਹੋਣਗੇ। ਉਨ੍ਹਾਂ ਰਾਜਾਂ ਨੂੰ ‘ਆਤਮ ਨਿਰਭਰ ਭਾਰਤ’ ਅਤੇ ਸਵਦੇਸ਼ੀ ਮੁਹਿੰਮਾਂ ਨੂੰ ਧਿਆਨ ’ਚ ਰੱਖਦਿਆਂ ਨਿਰਮਾਣ ਨੂੰ ਰਫ਼ਤਾਰ ਦੇਣ ਦਾ ਸੱਦਾ ਦਿੱਤਾ। ਮੋਦੀ ਨੇ ਕਿਹਾ, ‘ਨਰਾਤਿਆਂ ਦੇ ਪਹਿਲੇ ਦਿਨ, ਦੇਸ਼ ‘ਆਤਮ-ਨਿਰਭਰ ਭਾਰਤ’ ਦੀ ਦਿਸ਼ਾ ’ਚ ਇੱਕ ਅਹਿਮ ਤੇ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਭਲਕੇ ਸੂਰਜ ਚੜ੍ਹਨ ਦੇ ਨਾਲ ਹੀ, ਅਗਲੀ ਪੀੜ੍ਹੀ ਦੇ ਜੀ ਐੱਸ ਟੀ ਸੁਧਾਰ ਲਾਗੂ ਹੋ ਜਾਣਗੇ। ਭਲਕ ਤੋਂ ‘ਜੀ ਐੱਸ ਟੀ ਬੱਚਤ ਉਤਸਵ’ ਸ਼ੁਰੂ ਹੋਵੇਗਾ।’ ਉਨ੍ਹਾਂ ਕਿਹਾ, ‘ਤੁਸੀਂ ਆਪਣੀ ਪਸੰਦ ਦੀਆਂ ਵਸਤਾਂ ਜ਼ਿਆਦਾ ਆਸਾਨੀ ਨਾਲ ਖਰੀਦ ਸਕੋਗੇ। ਇਸ ਨਾਲ ਗਰੀਬਾਂ, ਮੱਧ ਵਰਗ, ਨਵ ਮੱਧ ਵਰਗ, ਨੌਜਵਾਨਾਂ, ਕਿਸਾਨਾਂ, ਮਹਿਲਾਵਾਂ, ਵਪਾਰੀਆਂ ਤੇ ਦੁਕਾਨਦਾਰਾਂ ਨੂੰ ਲਾਭ ਹੋਵੇਗਾ।’ ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਇਸ ਮੌਸਮ ’ਚ ਸਾਰਿਆਂ ਦੀਆਂ ਖੁਸ਼ੀਆਂ ਵਧਣਗੀਆਂ। -ਪੀਟੀਆਈ

 

ਪੱਛਮੀ ਬੰਗਾਲ ਨੇ ਕੀਤੀ ਸੀ ਜੀ ਐੱਸ ਟੀ ਘਟਾਉਣ ਲਈ ਪਹਿਲਕਦਮੀ: ਮਮਤਾ ਬੈਨਰਜੀ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਕੇਂਦਰ ਜੀ ਐੱਸ ਟੀ ਦਰਾਂ ਘਟਾਉਣ ਦਾ ਅਢੁੱਕਵਾਂ ਸਿਹਰਾ ਲੈ ਰਿਹਾ ਹੈ ਜਦਕਿ ਇਸ ਕਦਮ ਦੀ ਪਹਿਲ ਉਨ੍ਹਾਂ ਦੇ ਸੂਬੇ ਨੇ ਕੀਤੀ ਸੀ। ਉਨ੍ਹਾਂ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਜੀ ਐੱਸ ਟੀ ਬੱਚਤ ਉਤਸਵ’ ਨਾਲ ਬਹੁਤੇ ਲੋਕਾਂ ਨੂੰ ‘ਦੋਹਰਾ ਲਾਭ’ ਹੋਣ ਦੇ ਬਿਆਨ ਮਗਰੋਂ ਕੀਤੀ ਹੈ। ਪ੍ਰਧਾਨ ਮੰਤਰੀ ਦਾ ਨਾਂ ਲਏ ਬਿਨਾਂ ਮਮਤਾ ਬੈਨਰਜੀ ਨੇ ਕਿਹਾ, ‘‘ਸਾਨੂੰ 20,000 ਕਰੋੜ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ ਹਾਲਾਂਕਿ ਅਸੀਂ ਜੀ ਐੱਸ ਟੀ ’ਚ ਕਟੌਤੀ ਤੋਂ ਖੁਸ਼ ਹਾਂ। ਪਰ ਤੁਸੀਂ (ਮੋਦੀ) ਇਸ ਦਾ ਸਿਹਰਾ ਕਿਉਂ ਲੈ ਰਹੇ ਹੋ? ਅਸੀਂ ਜੀ ਐੱਸ ਟੀ ਘਟਾਉਣ ਦੀ ਮੰਗ ਕੀਤੀ ਸੀ। ਕੇਂਦਰੀ ਵਿੱਤ ਮੰਤਰੀ (ਨਿਰਮਲਾ ਸੀਤਾਰਮਨ) ਨਾਲ ਜੀ ਐੈੱਸ ਟੀ ਕੌਂਸਲ ਦੀ ਮੀਟਿੰਗ ’ਚ ਸਾਡਾ ਇਹੀ ਸੁਝਾਅ ਸੀ।’’ -ਪੀਟੀਆਈ

 

ਜੀ ਐੱਸ ਟੀ ’ਚ ਸੁਧਾਰਾਂ ਦਾ ਸਿਹਰਾ ਲੈ ਰਹੇ ਨੇ ਮੋਦੀ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜੀ ਐੱਸ ਟੀ ਪ੍ਰਬੰਧ ’ਚ ਕੀਤੀਆਂ ਸੋਧਾਂ ਦਾ ‘ਸਿਹਰਾ’ ਲੈਣ ਦਾ ਦੋਸ਼ ਲਾਉਂਦਿਆਂ ਮੌਜੂਦਾ ਸੁਧਾਰਾਂ ਨੂੰ ਨਾਕਾਫੀ ਕਰਾਰ ਦਿੱਤਾ ਅਤੇ ਆਖਿਆ ਕਿ ਸੂਬਿਆਂ ਲਈ ਮੁਆਵਜ਼ੇ ਦੀ ਮਿਆਦ ਪੰਜ ਸਾਲ ਹੋਰ ਵਧਾਉਣ ਦੀ ਮੰਗ ਦਾ ਹੱਲ ਨਹੀਂ ਕੀਤਾ ਗਿਆ। ਵਿਰੋਧੀ ਪਾਰਟੀ ਨੇ ਸੁਧਾਰਾਂ ਦੀ ਆਲੋਚਨਾ ਕਰਦਿਆਂ ਇਸ ਨੂੰ ‘ਡੂੰਘੇ ਜ਼ਖਮ ਦੇਣ ਮਗਰੋਂ ਮੱਲ੍ਹਮ ਲਾਉਣ’ ਵਰਗਾ ਦੱਸਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਨੂੰ ਲੋੜੀਂਦੀਆਂ ਵਸਤਾਂ ’ਤੇ ਜੀ ਐੱਸ ਟੀ ਲਾਉਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈੈ। ਖੜਗੇ ਨੇ ਪ੍ਰਧਾਨ ਮੰਤਰੀ ਦੇ ਸੰਬੋਧਨ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਮੋਦੀ ਸਰਕਾਰ ਨੇ ਕਾਂਗਰਸ ਤੇ ਸਰਲ ਤੇ ਸੁਚਾਰੂ ਜੀ ਐੱਸ ਟੀ ਦੀ ਬਜਾਏ ਵੱਖ-ਵੱਖ ਨੌਂ ਸਲੈਬਾਂ ਨਾਲ ਵਸੂਲੀ ਕਰ ਕੇ ‘ਗੱਬਰ ਸਿੰਘ ਟੈਕਸ’ ਲਾਇਆ ਤੇ ਅੱਠ ਸਾਲਾਂ ’ਚ 55 ਲੱਖ ਕਰੋੜ ਰੁਪਏ ਤੋਂ ਵੱਧ ਵਸੂਲੇੇ। ਤੁਹਾਡੀ ਸਰਕਾਰ ਨੂੰ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’’ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਕਦੋਂ ਤੋਂ ਇਹੀ ਤਰਕ ਦਿੰਦੀ ਰਹੀ ਹੈ ਕਿ ਜੀ ਐੱਸ ਟੀ ‘ਵਿਕਾਸ ਰੋਕਣ ਵਾਲਾ ਟੈਕਸ’ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਜੀ ਐੇੱਸ ਟੀ ਸੁਧਾਰ ਕਾਫੀ ਨਹੀਂ ਹਨ ਅਤੇ ਇਸ ਵਿੱਚ ਅਰਥਚਾਰੇ ’ਚ ਮੁੱਖ ਤੌਰ ’ਤੇ ਰੁਜ਼ਗਾਰ ਪੈਦਾ ਕਰਨ ਵਾਲੇ ਐੱਮ ਐੇੱਸ ਐੱਮ ਈ ਦੇ ਫਿਕਰ ਵੀ ਸ਼ਾਮਲ ਹਨ। -ਪੀਟੀਆਈ

Advertisement
Show comments