ਬਾਲ ਠਾਕਰੇ ਦੀ ਪਤਨੀ ਦੇ ਬੁੱਤ ’ਤੇ ਲਾਲ ਰੰਗ ਸੁੱਟਿਆ
ਇੱਥੋਂ ਦੇ ਇਤਿਹਾਸਕ ਸ਼ਿਵਾਜੀ ਪਾਰਕ ਵਿੱਚ ਕੁੱਝ ਅਣਪਛਾਤਿਆਂ ਨੇ ਸ਼ਿਵ ਸੈਨਾ ਦੇ ਬਾਨੀ ਬਾਲ ਠਾਕਰੇ ਦੀ ਪਤਨੀ ਮਰਹੂਮ ਮੀਨਾਤਾਈ ਠਾਕਰੇ ਦੇ ਬੁੱਤ ’ਤੇ ਲਾਲ ਰੰਗ ਸੁੱਟ ਦਿੱਤਾ, ਜਿਸ ਮਗਰੋਂ ਸ਼ਿਵ ਸੈਨਿਕਾਂ ਵਿੱਚ ਭਾਰੀ ਰੋਸ ਹੈ। ਪੁਲੀਸ ਨੇ ਇਸ ਮਾਮਲੇ ’ਚ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ। ਸ਼ਿਵ ਸੈਨਿਕ ਮੀਨਾਤਾਈ ਨੂੰ ਪਿਆਰ ਨਾਲ ‘ਮਾ ਸਾਹਿਬ’ ਕਹਿੰਦੇ ਹਨ। ਇਸ ਘਟਨਾ ਬਾਰੇ ਸਵੇਰੇ 6:30 ਵਜੇ ਦੇ ਕਰੀਬ ਪਤਾ ਲੱਗਣ ਮਗਰੋਂ ਊਧਵ ਠਾਕਰੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ (ਯੂ ਬੀ ਟੀ) ਦੇ ਵਰਕਰ ਮੌਕੇ ’ਤੇ ਪਹੁੰਚ ਗਏ ਅਤੇ ਬੁੱਤ ਦੀ ਸਫਾਈ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਲਈ ਅੱਠ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਸ਼ਿਵਾਜੀ ਪਾਰਕ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਊਧਵ ਠਾਕਰੇ ਨੇ ਆਪਣੀ ਮਾਂ ਦੇ ਬੁੱਤ ਦੀ ਬੇਅਦਬੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਮਹਾਰਾਸ਼ਟਰ ਵਿੱਚ ਅਸ਼ਾਂਤੀ ਪੈਦਾ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਜਾਪਦਾ ਹੈ।
ਦੂਜੇ ਪਾਸੇ ਇਸ ਘਟਨਾ ਨੇ ਊਧਵ ਠਾਕਰੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ (ਯੂ ਬੀ ਟੀ) ਅਤੇ ਉਨ੍ਹਾਂ ਦੇ ਚਚੇਰੇ ਭਰਾ ਰਾਜ ਠਾਕਰੇ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ ਐੱਨ ਐੱਸ) ਦੇ ਵਰਕਰਾਂ ਨੂੰ ਇਕਜੁੱਟ ਕਰ ਦਿੱਤਾ ਹੈ, ਜਿਸ ਨਾਲ ਦੋਵਾਂ ਪਾਰਟੀਆਂ ਵਿਚਾਲੇ ਸੁਲ੍ਹਾ ਹੋਣ ਦੇ ਕਿਆਸ ਤੇਜ਼ ਹੋ ਗਏ ਹਨ। ਵਰਕਰਾਂ ਵਿੱਚ ਵਿਆਪਕ ਰੋਸ ਦਰਮਿਆਨ ਊਧਵ ਠਾਕਰੇ ਅਤੇ ਰਾਜ ਠਾਕਰੇ ਨੇ ਘਟਨਾ ਸਥਾਨ ਦਾ ਵੱਖੋ-ਵੱਖਰਾ ਦੌਰਾ ਵੀ ਕੀਤਾ।