ਹਿਮਾਚਲ ਦੇ ਤਿੰਨ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਨੁੂੰ ਲੈ ਕੇ ਰੈੱਡ ਅਲਰਟ ਜਾਰੀ
ਭਾਰਤੀ ਮੌਸਮ ਵਿਭਾਗ (IMD) ਨੇ ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਚੰਬਾ, ਕਾਂਗੜਾ ਅਤੇ ਮੰਡੀ ਵਿੱਚ ਅਗਲੇ 48 ਘੰਟਿਆਂ ਲਈ ਭਾਰੀ ਮੀਂਹ ਨੁੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਜਦਕਿ ਰਾਜ ਦੇ ਕਈ ਹੋਰ ਜ਼ਿਲ੍ਹਿਆਂ ਲਈ ਓਰੇਂਜ ਅਤੇ ਯੈਲੋ ਅਲਰਟ ਵੀ ਜਾਰੀ ਕੀਤੇ ਗਏ ਹਨ।
IMD ਦੀ ਤਾਜ਼ਾ ਭਵਿੱਖਬਾਣੀ ਅਨੁਸਾਰ 25 ਅਗਸਤ ਨੂੰ ਚੰਬਾ, ਕਾਂਗੜਾ ਅਤੇ ਮੰਡੀ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। 26 ਅਗਸਤ ਨੂੰ ਵੀ ਚੰਬਾ ਅਤੇ ਕਾਂਗੜਾ ਲਈ ਰੈੱਡ ਅਲਰਟ ਜਾਰੀ ਰਹੇਗਾ, ਜਦਕਿ ਮੰਡੀ ਨੂੰ ਕੁੱਲੂ ਦੇ ਨਾਲ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 25 ਅਗਸਤ ਨੂੰ ਊਨਾ, ਬਿਲਾਸਪੁਰ, ਹਮੀਰਪੁਰ ਅਤੇ ਕੁੱਲੂ ਲਈ ਵੀਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਸੋਲਨ ਅਤੇ ਸ਼ਿਮਲਾ ਲਈ ਯੈਲੋ ਅਲਰਟ ਜਾਰੀ ਹੈ।
IMD ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਵਿਗਿਆਨੀ ਸੰਦੀਪ ਕੁਮਾਰ ਸ਼ਰਮਾ ਨੇ ANI ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਮੌਨਸੂਨ ਸਰਗਰਮ ਰਿਹਾ ਹੈ ਖਾਸ ਤੌਰ ’ਤੇ ਊਨਾ, ਬਿਲਾਸਪੁਰ, ਚੰਬਾ, ਕਾਂਗੜਾ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ।
ਸ਼ਰਮਾ ਨੇ ਕਿਹਾ, “ਸਭ ਤੋਂ ਵੱਧ ਸਰਗਰਮੀ ਬਿਲਾਸਪੁਰ ਜ਼ਿਲ੍ਹੇ ਵਿੱਚ ਵੇਖੀ ਗਈ, ਜਿੱਥੇ ਪੰਜ ਤੋਂ ਛੇ ਸਟੇਸ਼ਨਾਂ ’ਤੇ ਭਾਰੀ ਮੀਂਹ ਪਿਆ। ਸਭ ਤੋਂ ਵੱਧ 190MM ਮੀਂਹ ਕੋਂਗੋ ’ਚ ਦਰਜ ਕੀਤਾ ਗਿਆ। ਇਸ ਤੋਂ ਬਾਅਦ ਚੰਬਾ ਜ਼ਿਲ੍ਹੇ ਦੇ ਜੋਟ ਵਿਖੇ 160 ਮਿਲੀਮੀਟ ਮੀਂਹ ਦਰਜ ਕੀਤਾ ਗਿਆ। ”
ਉੱਧਰ ਜੰਮੁੂ ਕਸ਼ਮੀਰ ਵਿੱਚ ਵੀ ਪ੍ਰਸ਼ਾਸਨ ਦੇ ਵੱਲੋਂ ਖ਼ਰਾਬ ਮੌਸਮ ਦੇ ਚਲੱਦਿਆਂ ਭਲਕੇ ਸਾਰੇ ਸਕੂਲਾਂ ਨੁੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਵੱਲੋਂ ਜਾਰੀ ਇੱਕ ਅਧਿਕਾਰਤ ਹੁਕਮ ਵਿੱਚ ਕਿਹਾ ਗਿਆ ਹੈ ਕਿ ਖਰਾਬ ਮੌਸਮ ਕਾਰਨ ਜੰਮੂ ਡਿਵੀਜ਼ਨ ਦੇ ਸਾਰੇ ਸਕੂਲ 26 ਅਗਸਤ ਨੂੰ ਬੰਦ ਰਹਿਣਗੇ। ਬੰਦ ਦਾ ਹੁਕਮ ਜੰਮੂ ਡਿਵੀਜ਼ਨ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ 'ਤੇ ਲਾਗੂ ਹੋਵੇਗਾ।