ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭੜਕੀ ਬਗਾਵਤ; 2 ਦੀ ਮੌਤ, 22 ਜ਼ਖ਼ਮੀ
Pok Protest:ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਮੁਜ਼ੱਫਰਾਬਾਦ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ, ਜਿਸ ਵਿੱਚ ਅਵਾਮੀ ਐਕਸ਼ਨ ਕਮੇਟੀ (ਏਏਸੀ) ਦੀ ਅਗਵਾਈ ਵਿੱਚ ਪਾਕਿਸਤਾਨੀ ਸਰਕਾਰ ਵਿਰੁੱਧ ਇੱਕ ਵਿਰੋਧ ਮਾਰਚ ਦੌਰਾਨ ਹੋਈਆਂ ਝੜਪਾਂ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 22 ਜ਼ਖਮੀ ਹੋ ਗਏ।
ਸੂਤਰਾਂ ਮੁਤਾਬਿਕ ਪਾਕਿਸਤਾਨੀ ਫੌਜ ਨੇ ਬੁਨਿਆਦੀ ਅਧਿਕਾਰਾਂ ਦੀ ਮੰਗ ਕਰ ਰਹੇ ਨਾਗਰਿਕਾਂ ’ਤੇ ਗੋਲੀਆਂ ਚਲਾਈਆਂ। ਸੜਕਾਂ ’ਤੇ ਹਫੜਾ-ਦਫੜੀ ਮਚਦੀ ਦਿਖਾਈ ਦੇ ਰਹੀ ਹੈ।
ਪਿਛਲੇ 24 ਘੰਟਿਆਂ ਤੋਂ ਪੀਓਕੇ ਵਿੱਚ ਬਾਜ਼ਾਰ, ਦੁਕਾਨਾਂ ਅਤੇ ਆਵਾਜਾਈ ਸੇਵਾਵਾਂ ਠੱਪ ਹਨ। ਪ੍ਰਦਰਸ਼ਨਕਾਰੀਆਂ ਨੇ 38 ਮੰਗਾਂ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ ਕਸ਼ਮੀਰੀ ਸ਼ਰਨਾਰਥੀਆਂ ਲਈ ਰਾਖਵੀਆਂ 12 ਵਿਧਾਨ ਸਭਾ ਸੀਟਾਂ ਨੂੰ ਖ਼ਤਮ ਕਰਨਾ ਸ਼ਾਮਲ ਹੈ।
ਸਥਾਨਕ ਆਗੂਆਂ ਦਾ ਕਹਿਣਾ ਹੈ ਕਿ ਇਹ ਵਿਵਸਥਾ ਪ੍ਰਤੀਨਿਧਤਾ ਦੀਆਂ ਨੀਂਹਾਂ ਨੂੰ ਕਮਜ਼ੋਰ ਕਰਦੀ ਹੈ।
ਏਏਸੀ ਆਗੂ ਸ਼ੌਕਤ ਨਵਾਜ਼ ਮੀਰ ਨੇ ਕਿਹਾ, “ਸਾਨੂੰ 70 ਸਾਲਾਂ ਤੋਂ ਵਾਂਝਾ ਰੱਖਿਆ ਗਿਆ ਹੈ। ਜਾਂ ਤਾਂ ਸਾਨੂੰ ਸਾਡੇ ਹੱਕ ਦਿਓ ਜਾਂ ਜਨਤਕ ਗੁੱਸੇ ਲਈ ਤਿਆਰ ਰਹੋ।”
ਉਨ੍ਹਾਂ ਚੇਤਾਵਨੀ ਦਿੱਤੀ ਕਿ ਮੌਜੂਦਾ ਅੰਦੋਲਨ ਉਨ੍ਹਾਂ ਦਾ Plan A ਹੈ ਅਤੇ ਉਨ੍ਹਾਂ ਕੋਲ ਹੋਰ ਵੀ ਸਖ਼ਤ Plans ਹਨ।
ਇਸਲਾਮਾਬਾਦ ਨੇ ਵੀ ਪ੍ਰਦਰਸ਼ਨ ਨਾਲ ਜਵਾਬ ਦਿੱਤਾ ਹੈ। ਪਾਕਿਸਤਾਨੀ ਨਿਊਜ਼ ਵੈੱਬਸਾਈਟ ਅਨੁਸਾਰ ਭਾਰੀ ਹਥਿਆਰਬੰਦ ਗਸ਼ਤ ਦਲਾਂ ਨੇ ਫਲੈਗ ਮਾਰਚ ਕੀਤੇ ਅਤੇ ਪੰਜਾਬ ਤੋਂ ਹਜ਼ਾਰਾਂ ਫੌਜਾਂ ਨੂੰ ਪੀਓਕੇ ਵਿੱਚ ਤਾਇਨਾਤ ਕੀਤਾ ਗਿਆ।ਇਸ ਤੋਂ ਇਲਾਵਾ ਰਾਜਧਾਨੀ ਤੋਂ 1,000 ਵਾਧੂ ਫੌਜਾਂ ਭੇਜੀਆਂ ਗਈਆਂ। ਸਥਿਤੀ ਨੂੰ ਕਾਬੂ ਕਰਨ ਲਈ ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਇਹ ਬਗ਼ਾਵਤ ਉਸ ਸਮੇਂ ਹੋਈ ਜਦੋਂ ਪਿਛਲੇ ਹਫ਼ਤੇ ਪਾਕਿਸਤਾਨੀ ਹਵਾਈ ਸੈਨਾ ਵੱਲੋਂ ਖੈਬਰ ਪਖਤੂਨਖਵਾ ਦੇ ਇੱਕ ਪਿੰਡ ’ਤੇ ਚੀਨੀ-ਬਣੇ J-17 ਲੜਾਕੂ ਜਹਾਜ਼ਾਂ ਤੋਂ LS-6 ਲੇਜ਼ਰ-ਗਾਈਡੇਡ ਬੰਬ ਸੁੱਟੇ ਗਏ ਸਨ, ਜਿਸ ਵਿੱਚ 30 ਨਾਗਰਿਕ ਮਾਰੇ ਗਏ ਸਨ। ਇਸ ਘਟਨਾ ਨੇ ਸਥਾਨਕ ਭਾਈਚਾਰਿਆਂ ਵਿੱਚ ਗੁੱਸੇ ਨੂੰ ਹੋਰ ਭੜਕਾਇਆ। ਮਾਹਿਰਾਂ ਦਾ ਮੰਨਣਾ ਹੈ ਕਿ ਅਤਿਵਾਦੀ ਸੰਗਠਨਾਂ ਲਈ ਨਵੇਂ ਠਿਕਾਣਿਆਂ ਦੇ ਉਭਾਰ ਅਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨੇ ਸਥਿਤੀ ਨੂੰ ਹੋਰ ਵਿਗੜ ਦਿੱਤਾ ਹੈ।