Rape inside State Transport Bus: 26 ਸਾਲਾ ਮੁਟਿਆਰ ਸਰਕਾਰੀ ਬੱਸ ’ਚ ਹੋਈ ਜਬਰ ਜਨਾਹ ਦਾ ਸ਼ਿਕਾਰ
ਬੱਸ ਦੀ ਉਡੀਕ ਕਰ ਰਹੀ ਮੁਟਿਆਰ ਨੂੰ ਮੁਲਜ਼ਮ ਇਹ ਕਹਿ ਕੇ ਇਕ ਖ਼ਾਲੀ ਬੱਸ ਵਿਚ ਲੈ ਗਿਆ ਕਿ ਉਸ ਦੀ ਬੱਸ ਕਿਸੇ ਹੋਰ ਪਲੇਟਫਾਰਮ ਉਤੇ ਆ ਗਈ ਸੀ ਤੇ ਉਥੇ ਲਿਜ ਕੇ ਘਟਨਾ ਨੂੰ ਦਿੱਤਾ ਅੰਜਾਮ
ਪੁਣੇ, 26 ਫਰਵਰੀ
ਪੁਲੀਸ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਹਿਰ ਦੇ ਭੀੜ-ਭੜੱਕੇ ਵਾਲੇ ਸਵਾਰਗੇਟ ਬੱਸ ਸਟੈਂਡ 'ਤੇ ਖੜ੍ਹੀ ਸਟੇਟ ਟਰਾਂਸਪੋਰਟ ਦੀ ਇਕ ਬੱਸ ਦੇ ਅੰਦਰ ਇੱਕ 26 ਸਾਲਾ ਮੁਟਿਆਰ ਨਾਲ ਅਪਰਾਧਿਕ ਰਿਕਾਰਡ ਵਾਲੇ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਫ਼ਰਾਰ ਹੈ ਅਤੇ ਕਈ ਟੀਮਾਂ ਉਸ ਦੀ ਭਾਲ ਕਰ ਰਹੀਆਂ ਹਨ।
ਮੰਗਲਵਾਰ ਸਵੇਰੇ ਵਾਪਰੀ ਇਸ ਘਟਨਾ 'ਤੇ ਵਿਰੋਧੀ ਧਿਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਜਿਨ੍ਹਾਂ ਨੇ ਪੁਣੇ ਖੇਤਰ ਵਿੱਚ ਵਧ ਰਹੇ ਅਪਰਾਧਾਂ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਲਈ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਦੋਸ਼ੀ ਠਹਿਰਾਇਆ ਹੈ, ਜਿਨ੍ਹਾਂ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ ਹੋਇਆ ਹੈ।
ਸਵਰਗੇਟ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼ੱਕੀ ਦੱਤਾਤ੍ਰੇਯ ਰਾਮਦਾਸ ਗਾਡੇ (36) ਦੇ ਖਿਲਾਫ ਚੋਰੀ ਅਤੇ ਲੁੱਟਾਂ-ਖੋਹਾਂ ਦੇ ਕਈ ਮਾਮਲੇ ਦਰਜ ਹਨ। ਸਵਰਗੇਟ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (MSRTC) ਦੇ ਸਭ ਤੋਂ ਵੱਡੇ ਬੱਸ ਜੰਕਸ਼ਨਾਂ ਵਿੱਚੋਂ ਇੱਕ ਹੈ।
ਔਰਤ ਨੇ ਦੱਸਿਆ ਕਿ ਜਦੋਂ ਉਹ ਮੰਗਲਵਾਰ ਤੜਕੇ 5.45 ਵਜੇ ਦੇ ਕਰੀਬ ਇੱਕ ਪਲੇਟਫਾਰਮ 'ਤੇ ਸਤਾਰਾ ਜ਼ਿਲ੍ਹੇ ਦੇ ਫਲਟਨ ਲਈ ਬੱਸ ਦੀ ਉਡੀਕ ਕਰ ਰਹੀ ਸੀ, ਤਾਂ ਇੱਕ ਆਦਮੀ ਉਸ ਕੋਲ ਆਇਆ ਅਤੇ ਉਸ ਨਾਲ ਗੱਲਬਾਤ ਕੀਤੀ। ਉਸ ਨੂੰ 'ਦੀਦੀ' ਕਹਿ ਕੇ ਬੁਲਾਇਆ ਅਤੇ ਕਿਹਾ ਕਿ ਸਤਾਰਾ ਜਾਣ ਵਾਲੀ ਬੱਸ ਕਿਸੇ ਹੋਰ ਪਲੇਟਫਾਰਮ 'ਤੇ ਆ ਗਈ ਹੈ। ਫਿਰ ਉਹ ਉਸਨੂੰ ਇੱਕ ਖਾਲੀ 'ਸ਼ਿਵ ਸ਼ਾਹੀ' ਏਸੀ ਬੱਸ ਵਿੱਚ ਲੈ ਗਿਆ ਜੋ ਕਿ ਜੰਕਸ਼ਨ ਦੇ ਅਹਾਤੇ ਵਿੱਚ ਖੜ੍ਹੀ ਸੀ।
ਔਰਤ ਨੇ ਕਿਹਾ ਕਿ ਬੱਸ ਦੇ ਅੰਦਰ ਲਾਈਟਾਂ ਨਾ ਹੋਣ ਕਾਰਨ ਉਹ ਅੰਦਰ ਜਾਣ ਤੋਂ ਝਿਜਕ ਰਹੀ ਸੀ, ਪਰ ਆਦਮੀ ਨੇ ਉਸਨੂੰ ਯਕੀਨ ਦਿਵਾਇਆ ਕਿ ਇਹ ਸਹੀ ਬੱਸ ਹੈ।
ਔਰਤ ਨੇ ਦੱਸਿਆ ਕਿ ਅੰਦਰ ਜਾਣ ’ਤੇ ਮੁਲਜ਼ਮ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਫ਼ਰਾਰ ਹੋ ਗਿਆ। ਪੁਲੀਸ ਨੇ ਸੀਸੀਟੀਵੀ ਫੁਟੇਜ ਤੋਂ ਮੁਲਜ਼ਮ ਗਾਡੇ ਦੀ ਪਛਾਣ ਕੀਤੀ ਅਤੇ ਉਸਨੂੰ ਲੱਭਣ ਲਈ ਛਾਪੇ ਮਾਰੇ ਜਾ ਰਹੇ ਹਨ। -ਪੀਟੀਆਈ