ਜਬਰ-ਜਨਾਹ ਮਾਮਲੇ ’ਚ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਮਮਤਾ
Mamata terms Durgapur 'gangrape' shocking, says no accused will be spared ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਦੁਰਗਾਪੁਰ ਵਿੱਚ ਇੱਕ ਮੈਡੀਕਲ ਵਿਦਿਆਰਥਣ ਨਾਲ ਹੋਏ ਕਥਿਤ ਜਬਰ ਜਨਾਹ ਨੂੰ ਹੈਰਾਨ ਕਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਕੁਦਰਤੀ ਆਫ਼ਤ ਪ੍ਰਭਾਵਿਤ ਉੱਤਰੀ ਬੰਗਾਲ ਵਿੱਚ ਰਾਹਤ ਅਤੇ ਪੁਨਰਵਾਸ ਕਾਰਜਾਂ ਦੀ ਨਿਗਰਾਨੀ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਲਕਾਤਾ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੀਆਂ ਘਟਨਾਵਾਂ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ।
ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲੀਸ ਹੋਰਾਂ ਦੀ ਭਾਲ ਕਰ ਰਹੀ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਨਿੱਜੀ ਮੈਡੀਕਲ ਕਾਲਜ ਦੇ ਕੈਂਪਸ ਦੇ ਬਾਹਰ ਵਾਪਰੀ ਜਦੋਂ ਦੂਜੇ ਸਾਲ ਦੀ ਵਿਦਿਆਰਥਣ ਆਪਣੇ ਇੱਕ ਦੋਸਤ ਨਾਲ ਰਾਤ ਦੇ ਖਾਣੇ ਲਈ ਬਾਹਰ ਗਈ ਸੀ।
ਬੈਨਰਜੀ ਨੇ ਕਿਹਾ ਕਿ ਸਬੰਧਤ ਮੈਡੀਕਲ ਸੰਸਥਾ ਵੀ ਇਸ ਘਟਨਾ ਲਈ ਜ਼ਿੰਮੇਵਾਰ ਹੈ। ਨਿੱਜੀ ਕਾਲਜਾਂ ਨੂੰ ਆਪਣੇ ਕੈਂਪਸ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਟੀਐਮਸੀ ਸੁਪਰੀਮੋ ਨੇ ਕਿਹਾ ਕਿ ਖਾਸ ਕਰਕੇ ਹੋਰ ਸੂਬਿਆਂ ਤੋਂ ਆਈਆਂ ਲੜਕੀਆਂ ਨੂੰ ਹੋਸਟਲ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਦੇਰ ਰਾਤ ਤੱਕ ਬਾਹਰ ਨਹੀਂ ਨਿਕਲਣਾ ਚਾਹੀਦਾ। ਉਨ੍ਹਾਂ ਕਿਹਾ, “ਹੋਸਟਲਾਂ ਵਿੱਚ ਰਹਿਣ ਵਾਲੀਆਂ ਵਿਦਿਆਰਥਣਾਂ, ਖਾਸ ਕਰਕੇ ਉਹ ਜੋ ਬਾਹਰੋਂ ਪੜ੍ਹਨ ਲਈ ਪੱਛਮੀ ਬੰਗਾਲ ਆਈਆਂ ਹਨ, ਤੋਂ ਹੋਸਟਲਾਂ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਦੇਰ ਰਾਤ ਨੂੰ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ, ਹਾਲਾਂਕਿ ਉਹ ਕਿਤੇ ਵੀ ਜਾ ਸਕਦੀਆਂ ਹਨ ਕਿਉਂਕਿ ਇਹ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ।’