Ranveer Allahbadia ਇੰਡੀਆਜ਼ ਗੌਟ ਲੇਟੈਂਟ ਵਿਵਾਦ: ਅਲਾਹਬਾਦੀਆ ਤੇ ਅਪੂਰਵਾ ਮੁਖੀਜਾ ਹੋਏ NCW ਅੱਗੇ ਪੇਸ਼
ਨਵੀਂ ਦਿੱਲੀ, 6 ਮਾਰਚ
ਸੋਸ਼ਲ ਮੀਡੀਆ ਸ਼ਖਸੀਅਤਾਂ ਰਣਵੀਰ ਅਲਾਹਬਾਦੀਆ ਅਤੇ ਅਪੂਰਵਾ ਮੁਖੀਜਾ (Ranveer Allahbadia and Apoorva Mukhija) ਵੀਰਵਾਰ ਨੂੰ ਕਾਮੇਡੀਅਨ ਸਮੈ ਰੈਨਾ ਦੇ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ (Samay Raina's show ‘India's Got Latent’) ਵਿਚ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਦੇ ਸਬੰਧ ਵਿੱਚ ਕੌਮੀ ਮਹਿਲਾ ਕਮਿਸ਼ਨ (National Commission for Women - NCW) ਸਾਹਮਣੇ ਪੇਸ਼ ਹੋਏ ਅਤੇ ਪੂਰੇ ਘਟਨਾਚੱਕਰ 'ਤੇ ਅਫਸੋਸ ਜ਼ਾਹਰ ਕੀਤਾ।
ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ੋਅ ਦੇ ਨਿਰਮਾਤਾ - ਸੌਰਭ ਬੋਥਰਾ ਅਤੇ ਤੁਸ਼ਾਰ ਪੁਜਾਰੀ - ਅਤੇ ਕਾਮੇਡੀਅਨ ਜਸਪ੍ਰੀਤ ਸਿੰਘ ਅਤੇ ਯੂਟਿਊਬਰ ਆਸ਼ੀਸ਼ ਚੰਚਲਾਨੀ ਦੇ ਵਕੀਲ ਵੀ ਪੈਨਲ ਦੇ ਸਾਹਮਣੇ ਪੇਸ਼ ਹੋਏ।
ਉਹ ਸਾਰੇ ਕਮਿਸ਼ਨ ਦੇ ਸਾਹਮਣੇ ਵੱਖਰੇ ਤੌਰ 'ਤੇ ਪੇਸ਼ ਹੋਏ। ਸੂਤਰਾਂ ਨੇ ਕਿਹਾ ਕਿ ਅਲਾਹਬਾਦੀਆ ਅਤੇ ਮੁਖੀਜਾ ਤੋਂ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਨੇ ਪੂਰੀ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ।
ਕਮਿਸ਼ਨ ਨੇ ਅਲਾਹਬਾਦੀਆ, ਮਖੀਜਾ, ਰੈਨਾ, ਜਸਪ੍ਰੀਤ ਸਿੰਘ ਅਤੇ ਆਸ਼ੀਸ਼ ਚੰਚਲਾਨੀ ਦੁਆਰਾ ਸ਼ੋਅ 'ਤੇ ਕੀਤੀਆਂ ਗਈਆਂ ਅਸ਼ਲੀਲ ਅਤੇ ਅਪਮਾਨਜਨਕ ਟਿੱਪਣੀਆਂ ਦਾ ਗੰਭੀਰ ਨੋਟਿਸ ਲਿਆ ਸੀ ਅਤੇ ਉਨ੍ਹਾਂ ਨੂੰ ਪੁਜਾਰੀ ਅਤੇ ਬੋਥਰਾ ਦੇ ਨਾਲ-ਨਾਲ ਤਲਬ ਕੀਤਾ ਸੀ।
ਅਲਾਹਬਾਦੀਆ ਦੇ ਖਿਲਾਫ ਰੈਨਾ ਦੇ ਸ਼ੋਅ 'ਤੇ ਮਾਪਿਆਂ ਅਤੇ ਕਾਮੁਕਤਾ ਸਬੰਧੀ ਟਿੱਪਣੀ ਲਈ ਕਈ ਐਫਆਈਆਰਜ਼ ਦਰਜ ਕੀਤੀਆਂ ਗਈਆਂ ਸਨ। ਹਾਲਾਂਕਿ, ਸੁਪਰੀਮ ਕੋਰਟ ਨੇ ਅਲਾਹਬਾਦੀਆ ਨੂੰ ਸ਼ੋਅ 'ਤੇ ਉਸ ਦੀਆਂ ਟਿੱਪਣੀਆਂ 'ਤੇ ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਹੈ। ਉਂਝ ਸਿਖਰਲੀ ਅਦਾਲਤ ਨੇ ਉਸ ਨੂੰ ਭਵਿੱਖ ਵਿਚ ਇਸ ਮਾਮਲੇ ’ਚ ਬਾਜ਼ ਆਉਣ ਦੀ ਤਾਕੀਦ ਵੀ ਕੀਤੀ ਹੈ। -ਪੀਟੀਆਈ