Monsoon Session: ਵਿਰੋਧੀ ਧਿਰਾਂ ‘SIR’ ’ਤੇ ਚਰਚਾ ਲਈ ਬਜ਼ਿੱਦ, ਲੋਕ ਸਭਾ ਤੇ ਰਾਜ ਸਭਾ ਪੂਰੇ ਦਿਨ ਲਈ ਮੁਲਤਵੀ
ਵਿਰੋਧੀ ਧਿਰਾਂ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਦੇ ਅਮਲ ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਅੱਜ ਵੀ ਬਜ਼ਿੱਦ ਰਹੀਆਂ। ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ ਰੱਪੇ ਕਰਕੇ ਸ਼ੁੱਕਰਵਾਰ ਨੂੰ ਵੀ ਉਪਰਲੇ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਿਆ। ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਤੇ ਮੁੜ ਕੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਹੁਣ ਸੋਮਵਾਰ ਨੂੰ ਸਵੇਰੇ 11 ਵਜੇ ਮੁੜ ਜੁੜੇਗਾ।
ਇਸ ਤੋਂ ਪਹਿਲਾਂ ਅੱਜ ਸਵੇਰੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸੂਚੀਬੱਧ ਪੇਪਰਾਂ ਨੂੰ ਪੇਸ਼ ਕੀਤੇ ਜਾਣ ਤੋਂ ਫੌਰੀ ਮਗਰੋਂ ਡਿਪਟੀ ਚੇਅਰਮੈਨ ਹਰਿਵੰਸ਼ ਨੇ ਕਿਹਾ ਕਿ ਉਨ੍ਹਾਂ ਨੂੰ SIR, ਦੂਜੇ ਰਾਜਾਂ ਵਿੱਚ ਬੰਗਾਲੀ ਪਰਵਾਸੀ ਕਾਮਿਆਂ ਨਾਲ ਕਥਿਤ ਵਿਤਕਰਾ, ਭਾਰਤੀ ਦਰਾਮਦਾਂ ’ਤੇ 25 ਫੀਸਦ ਟੈਰਿਫ ਲਗਾਉਣ ਦੇ ਅਮਰੀਕੀ ਫੈਸਲੇ ਦਾ ਪ੍ਰਭਾਵ, ਅਤੇ ਭਾਰਤੀ ਆਈਟੀ ਖੇਤਰ ਵਿੱਚ ਵੱਡੇ ਪੱਧਰ ’ਤੇ ਛਾਂਟੀ ਆਦਿ ਮਸਲਿਆਂ ’ਤੇ ਚਰਚਾ ਲਈ ਨਿਯਮ 267 ਤਹਿਤ 30 ਮੁਲਤਵੀ ਨੋਟਿਸ ਮਿਲੇ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਨੋਟਿਸ ਚੇਅਰ ਵੱਲੋਂ ਦਿੱਤੇ ਗਏ ਵਿਸਤ੍ਰਿਤ ਨਿਰਦੇਸ਼ਾਂ ਅਨੁਸਾਰ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਵਿਰੋਧੀ ਧਿਰ ਨੇ ਚੇਅਰਪਰਸਨ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਕਈ ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ।
ਚੇਅਰਪਰਸਨ ਨੇ ਆਰਜੇਡੀ ਦੇ ਮਨੋਜ ਕੁਮਾਰ ਝਾਅ ਨੂੰ ਬੋਲਣ ਦੀ ਇਜਾਜ਼ਤ ਦਿੱਤੀ, ਜਿਨ੍ਹਾਂ ਚੇਅਰਪਰਸਨ ਨੂੰ SIR ’ਤੇ ਚਰਚਾ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ। ਹਰਿਵੰਸ਼ ਨੇ ਕਿਹਾ ਕਿ ਕਿਉਂਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ, ਇਸ ਲਈ ਉਹ ਇਸ ’ਤੇ ਚਰਚਾ ਦੀ ਇਜਾਜ਼ਤ ਨਹੀਂ ਦੇ ਸਕਦੇ। ਉਨ੍ਹਾਂ ਕਿਹਾ, ‘‘ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਇਸ ਸਦਨ ਦੇ ਨਿਯਮ ਬਹੁਤ ਸਪੱਸ਼ਟ ਹਨ। ਮੈਂ (ਚਰਚਾ) ਦੀ ਇਜਾਜ਼ਤ ਨਹੀਂ ਦੇ ਸਕਦਾ।’’ ਉਨ੍ਹਾਂ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਵਾਪਸ ਜਾਣ ਦੀ ਅਪੀਲ ਕੀਤੀ ਅਤੇ ‘ਆਪ’ ਦੇ ਅਸ਼ੋਕ ਕੁਮਾਰ ਮਿੱਤਲ ਨੂੰ ਸਿਫ਼ਰ ਕਾਲ ਦੌਰਾਨ ਆਪਣੀ ਗੱਲ ਰੱਖਣ ਲਈ ਬੁਲਾਇਆ। ਹਾਲਾਂਕਿ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਜਾਰੀ ਰਿਹਾ। ਚੇਅਰਪਰਸਨ ਦੀਆਂ ਸੁਚਾਰੂ ਕੰਮਕਾਜ ਯਕੀਨੀ ਬਣਾਉਣ ਲਈ ਵਾਰ-ਵਾਰ ਕੀਤੀਆਂ ਅਪੀਲਾਂ ਦਾ ਵਿਰੋਧੀ ਧਿਰਾਂ ’ਤੇ ਕੋਈ ਅਸਰ ਨਹੀਂ ਪਿਆ ਤੇ ਸਦਨ ਦੀ ਕਾਰਵਾਈ ਨੂੰ 11 ਮਿੰਟਾਂ ਅੰਦਰ ਹੀ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਦਾ ਰੌਲਾ ਰੱਪਾ ਜਾਰੀ ਰਿਹਾ, ਜਿਸ ਕਰਕੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਅੱਤਲ ਕਰ ਦਿੱਤੀ ਗਈ।
ਖੜਗੇ ਸਮੇਤ ਕਈ ਵਿਰੋਧੀ ਆਗੂਆਂ ਵੱਲੋਂ SIR ਖਿਲਾਫ਼ ਪ੍ਰਦਰਸ਼ਨ
ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਦਾ ਵਿਰੋਧ ਕਰਦੇ ਹੋਏ ਸ਼ੁੱਕਰਵਾਰ ਨੂੰ ਸੰਸਦ ਭਵਨ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ। ਸੰਸਦ ਦੇ ਮਕਰ ਦੁਆਰ ਨੇੜੇ ਕੀਤੇ ਇਸ ਵਿਰੋਧ ਪ੍ਰਦਰਸ਼ਨ ਵਿਚ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਕਈ ਹੋਰ ਪਾਰਟੀਆਂ ਦੇ ਐੱਮਪੀ’ਜ਼ ਸ਼ਾਮਲ ਸੀ। ਵਿਰੋਧੀ ਧਿਰਾਂ ਨੇ ਇਸ ਮੌਕੇ ਇਕ ਵੱਡਾ ਬੈਨਰ ਵੀ ਫੜਿਆ ਹੋਇਆ ਸੀ, ਜਿਸ ਉੱਤੇ ‘SIR-ਲੋਕਤੰਤਰ ’ਤੇ ਵਾਰ’ ਲਿਖਿਆ ਹੋਇਆ ਸੀ। ਉਨ੍ਹਾਂ ਨੇ ‘SIR ਵਾਪਸ ਲਓ’ ਦੇ ਨਾਅਰੇ ਵੀ ਲਾਏ। ਖੜਗੇ ਨੇ ਮਗਰੋਂ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਐੱਸਆਈਆਰ ਹੈ ਲੋਕਤੰਤਰ ਪਰ ਵਾਰ, ਨਹੀਂ ਛੀਨਨੇ ਦੇਂਗੇ ਤਬਕੋਂ ਕੇ ਮਤਦਾਨ ਕਾ ਅਧਿਕਾਰ।’ ‘ਇੰਡੀਆ’ ਗੱਠਜੋੜ ਦੀ ਲੜਾਈ ਜਾਰੀ ਹੈ।’’
ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
ਬਿਹਾਰ ਵਿੱਚ ਵੋਟਰ ਸੂਚੀਆਂ ਦੀ ਸੋਧ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਲਗਾਤਾਰ ਹੰਗਾਮੇ ਕਾਰਨ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਜਿਵੇਂ ਹੀ ਦੁਪਹਿਰ 2 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ, ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ। ਸਪੀਕਰ ਵੱਲੋਂ ਗੋਆ ਵਿਧਾਨ ਸਭਾ ਵਿੱਚ ਅਨੁਸੂਚਿਤ ਕਬੀਲਿਆਂ ਨੂੰ ਸੀਟਾਂ ਪ੍ਰਦਾਨ ਕਰਨ ਵਾਲੇ ਬਿੱਲ ਨੂੰ ਪੇਸ਼ ਕਰਨ ਦੀਆਂ ਅਪੀਲਾਂ ਦਾ ਕੋਈ ਅਸਰ ਨਹੀਂ ਹੋਇਆ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਹੈਰਾਨੀ ਪ੍ਰਗਟਾਈ ਕਿ ਕੀ ਵਿਰੋਧੀ ਧਿਰ ਅਨੁਸੂਚਿਤ ਕਬੀਲਿਆਂ ਦੇ ਹਿੱਤਾਂ ਦੇ ਵਿਰੁੱਧ ਹੈ ਅਤੇ ਉਨ੍ਹਾਂ ਦੀ ਨੀਅਤ ’ਤੇ ਸਵਾਲ ਚੁੱਕੇ।
ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਹਿਣ 'ਤੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਦਿਨ ਵਿੱਚ ਪ੍ਰਦਰਸ਼ਨਕਾਰੀ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਅਤੇ ਤਖ਼ਤੀਆਂ ਲਹਿਰਾਉਣ ਦੌਰਾਨ, ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਦਨ ਦੀ ਮਰਿਆਦਾ ਬਣਾਈ ਰੱਖੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਸੀਟਾਂ 'ਤੇ ਵਾਪਸ ਜਾਣ ਦੀ ਅਪੀਲ ਵੀ ਕੀਤੀ।