‘ਲਛਮਣ ਰੇਖਾ’ ਪਾਰ ਨਾ ਕਰਨ ਰਾਜ ਸਭਾ ਮੈਂਬਰ: ਰਾਧਾਕ੍ਰਿਸ਼ਨਨ
ਖੜਗੇ ਨੇ ਧਨਖੜ ਦੀ ‘ਅਚਾਨਕ ਵਿਦਾਈ’ ਦਾ ਮੁੱਦਾ ਚੁੱਕਿਆ
ਨਵੀਂ ਦਿੱਲੀ: ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਦਾ ਸਵਾਗਤ ਕਰਦਿਆਂ ਜਗਦੀਪ ਧਨਖੜ ਦੇ ‘ਅਣਕਿਆਸੀ ਅਤੇ ਅਚਾਨਕ ਵਿਦਾਈ’ ਦਾ ਜ਼ਿਕਰ ਕੀਤਾ। ਉਨ੍ਹਾਂ ਦੀ ਟਿੱਪਣੀ ’ਤੇ ਹਾਕਮ ਧਿਰ ਦੇ ਮੈਂਬਰਾਂ ਨੇ ਤਿੱਖੇ ਪ੍ਰਤੀਕਰਮ ਦਿੱਤੇ। ਸਦਨ ਦੇ ਆਗੂ ਜੇ ਪੀ ਨੱਢਾ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ‘ਪਵਿੱਤਰ ਮੌਕੇ’ ’ਤੇ ਵਿਰੋਧੀ ਧਿਰ ਦੇ ਆਗੂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ। ਆਪਣੇ ਸੰਖੇਪ ਭਾਸ਼ਣ ’ਚ ਖੜਗੇ ਨੇ ਚੇਅਰਮੈਨ ਨੂੰ ਦੋਵੇਂ ਧਿਰਾਂ ਵਿਚਾਲੇ ਤਵਾਜ਼ਨ ਬਣਾ ਕੇ ਚੱਲਣ ਦੀ ਅਪੀਲ ਕਰਦਿਆਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਵੀ ਸਦਨ ’ਚ ਮੁੱਦੇ ਚੁੱਕਣ ਦੀ ਇਜਾਜ਼ਤ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਾਧਾਕ੍ਰਿਸ਼ਨਨ ਕਾਂਗਰਸ ਪਰਿਵਾਰ ਨਾਲ ਜੁੜੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰ ਕੋਇੰਬਟੂਰ ਹਲਕੇ ਦੀ ਨੁਮਾਇੰਦਗੀ ਕਰਦੇ ਸਨ ਜਿਥੋਂ ਉਹ ਬਾਅਦ ’ਚ ਸਫ਼ਲ ਰਹੇ। -ਪੀਟੀਆਈ
ਸਾਰੀਆਂ ਤਾਕਤਾਂ ਉਪ ਰਾਜਪਾਲ ਕੋਲ: ਚੌਧਰੀ ਰਮਜ਼ਾਨ
ਨਵੀਂ ਦਿੱਲੀ: ਨੈਸ਼ਨਲ ਕਾਨਫਰੰਸ ਦੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਚੌੌਧਰੀ ਮੁਹੰਮਦ ਰਮਜ਼ਾਨ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਚੁਣੀ ਹੋਈ ਸਰਕਾਰ ਕੋਲ ਸੀਮਤ ਤਾਕਤਾਂ ਹਨ ਅਤੇ ਉਪ ਰਾਜਪਾਲ ਮਨੋਜ ਸਿਨਹਾ ਕੋਲ ਪੂਰੇ ਅਧਿਕਾਰ ਹਨ। ਰਾਜ ਸਭਾ ’ਚ ਆਪਣੀ ਪਾਰਟੀ ਦੇ ਸਾਥੀਆਂ ਸੱਜਾਦ ਅਹਿਮਦ ਕਿਚਲੂ ਅਤੇ ਗੁਰਵਿੰਦਰ ਸਿੰਘ ਓਬਰਾਏ ਉਰਫ਼ ਸ਼ੰਮੀ ਨਾਲ ਹਲਫ਼ ਲੈਣ ਮਗਰੋਂ ਰਮਜ਼ਾਨ ਨੇ ਪਲੇਠੇ ਭਾਸ਼ਣ ਦੌਰਾਨ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਨੂੰ ਹੁਕਮ ਉਪ ਰਾਜਪਾਲ ਤੋਂ ਮਿਲਦੇ ਹਨ। ਉਨ੍ਹਾਂ ਚੇਅਰਪਰਸਨ ਸੀ ਪੀ ਰਾਧਾਕ੍ਰਿਸ਼ਨਨ ਦਾ ਸਵਾਗਤ ਕਰਦਿਆਂ ਕਿਹਾ ਕਿ ਵੱਡੀਆਂ ਕੁਰਬਾਨੀਆਂ ਮਗਰੋਂ ਹੀ ਕੋਈ ਇਸ ਅਹੁਦੇ ’ਤੇ ਪਹੁੰਚਦਾ ਹੈ। ਇਸ ਤੋਂ ਪਹਿਲਾਂ ਰਮਜ਼ਾਨ ਨੇ ਕਸ਼ਮੀਰੀ, ਕਿਚਲੂ ਨੇ ਉਰਦੂ ਅਤੇ ਓਬਰਾਏ ਨੇ ਪੰਜਾਬੀ ’ਚ ਹਲਫ਼ ਲਿਆ। -ਪੀਟੀਆਈ
