ਰਾਜ ਸਭਾ ਚੋਣਾਂ: ਨੈਸ਼ਨਲ ਕਾਨਫਰੰਸ ਦਾ ਸਮਰਥਨ ਕਰਨਗੀਆਂ ਪੀਡੀਪੀ ਤੇ ਕਾਂਗਰਸ
ਪੀ ਡੀ ਪੀ ਦਾ ਕਹਿਣਾ ਹੈ ਕਿ ਉਹ ‘ਫਾਸ਼ੀਵਾਦੀ ਤਾਕਤਾਂ’ ਨੂੰ ਰੋਕਣਾ ਚਾਹੁੰਦੀ ਹੈ। ਪੀ ਡੀ ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਨੈਸ਼ਨਲ ਕਾਨਫਰੰਸ ਨੂੰ ਸਮਰਥਨ ਦੇਣ ਅਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਵੋਟ ਦੇਣ ਦਾ ਫੈਸਲਾ ਕੀਤਾ ਹੈ। ਭਾਜਪਾ ਨੂੰ ਜਿੱਤ ਤੋਂ ਦੂਰ ਰੱਖਣ ਲਈ ਇਹ ਫੈਸਲਾ ਕੀਤਾ ਹੈ। ਅਸੀਂ ਅਜਿਹੀ ਪਾਰਟੀ ਲਈ ਵੋਟ ਪਾਵਾਂਗੇ ਜੋ ਇਸ ਦੇ ਲਾਇਕ ਨਹੀਂ ਪਰ ਅਸੀਂ ਇਹ ਧਿਆਨ ਵਿੱਚ ਰੱਖ ਕੇ ਵੋਟ ਪਾਵਾਂਗੇ ਕਿ ਅਸੀਂ ਕਿਸੇ ਵੀ ਕੀਮਤ ’ਤੇ ਫਾਸ਼ੀਵਾਦੀ ਅਤੇ ਫਿਰਕੂ ਤਾਕਤਾਂ ਨੂੰ ਰੋਕਣਾ ਹੈ ਪਰ ਇਹ ਲੋਕ (ਨੈਸ਼ਨਲ ਕਾਨਫ਼ਰੰਸ) ਅਜਿਹਾ ਨਹੀਂ ਸੋਚਦੇ। ਜਦੋਂ ਗੁਪਕਾਰ ਗੱਠਜੋੜ ਐਲਾਨਨਾਮਾ ਬਣਾਇਆ ਗਿਆ ਸੀ ਤਾਂ ਅਸੀਂ ਜੰਮੂ ਕਸ਼ਮੀਰ ਨੂੰ ਸਾਂਝੀ ਲੀਡਰਸ਼ਿਪ ਦੇਣਾ ਚਾਹੁੰਦੇ ਸੀ ਤਾਂ ਜੋ ਭਾਜਪਾ ਅਤੇ ਉਸ ਦੇ ਹਮਲਿਆਂ ਖ਼ਿਲਾਫ਼ ਲੜਿਆ ਜਾ ਸਕੇ ਪਰ ਜਦੋਂ ਨੈਸ਼ਨਲ ਕਾਨਫ਼ਰੰਸ ਨੂੰ ਅਹਿਸਾਸ ਹੋਇਆ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਤਾਂ ਉਨ੍ਹਾਂ ਨੇ ਇਸ ਨੂੰ ਤੋੜ ਦਿੱਤਾ।’’
ਉੱਧਰ, ਕਾਂਗਰਸ ਨੇ ਅੱਜ ਕਿਹਾ ਕਿ ਉਸ ਦੇ ਵਿਧਾਇਕ ਜੰਮੂ ਕਸ਼ਮੀਰ ਦੀਆਂ ਰਾਜ ਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ’ਚ ਭਾਈਵਾਲ ਪਾਰਟੀ ਨੈਸ਼ਨਲ ਕਾਨਫਰੰਸ ਦੇ ਉਮੀਦਵਾਰਾਂ ਨੂੰ ਵੋਟ ਦੇਣਗੇ। ਪਾਰਟੀ ਨੇ ਫਿਲਹਾਲ ਸੱਤਾਧਾਰੀ ਧਿਰ ਨੈਸ਼ਨਲ ਕਾਨਫਰੰਸ ਨਾਲ ਆਪਣੇ ਮੱਤਭੇਦ ਲਾਂਭੇ ਰੱਖਣ ਦਾ ਫੈਸਲਾ ਕੀਤਾ ਹੈ। ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਲਿਖੇ ਪੱਤਰ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਾਮਿਦ ਕਾਰਾ ਨੇ ਕਿਹਾ ਕਿ ਪਾਰਟੀ ਨੇ ਸ਼ੁੱਕਰਵਾਰ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।
ਨੈਸ਼ਨਲ ਕਾਨਫਰੰਸ ਨੇ ਪਾਰਟੀ ਵਿਧਾਇਕਾਂ ਨੂੰ ਵ੍ਹਿਪ ਜਾਰੀ ਕੀਤਾ
ਸ੍ਰੀਨਗਰ: ਸੱਤਾਧਾਰੀ ਨੈਸ਼ਨਲ ਕਾਨਫ਼ਰੰਸ ਨੇ ਆਪਣੇ ਵਿਧਾਇਕਾਂ ਨੂੰ ਵ੍ਹਿਪ ਜਾਰੀ ਕਰ ਕੇ ਵਿਧਾਨ ਸਭਾ ’ਚ ਹਾਜ਼ਰ ਰਹਿਣ ਅਤੇ ਜੰਮੂ ਕਸ਼ਮੀਰ ਤੋਂ ਰਾਜ ਸਭਾ ਦੀਆਂ ਚਾਰ ਸੀਟਾਂ ਲਈ ਹੋਣ ਵਾਲੀਆਂ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੇ ਪੱਖ ਵਿੱਚ ਵੋਟ ਪਾਉਣ ਦਾ ਨਿਰਦੇਸ਼ ਦਿੱਤਾ ਹੈ। ਨੈਸ਼ਨਲ ਕਾਨਫਰੰਸ ਨੇ ਸਾਰੀਆਂ ਚਾਰ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ; ਭਾਜਪਾ ਨੇ ਤਿੰਨ ਉਮੀਦਵਾਰਾਂ ਦੇ ਨਾਮ ਐਲਾਨੇ ਹਨ। ਵਿਧਾਨ ਸਭਾ ਵਿੱਚ ਆਪਣੇ ਮੈਂਬਰਾਂ ਦੀ ਗਿਣਤੀ ਨੂੰ ਦੇਖਦੇ ਹੋਏ ਨੈਸ਼ਨਲ ਕਾਨਫਰੰਸ ਵੱਲੋਂ ਤਿੰਨ ਸੀਟਾਂ ’ਤੇ ਆਸਾਨੀ ਨਾਲ ਜਿੱਤ ਦਰਜ ਕੀਤੇ ਜਾਣ ਦੀ ਆਸ ਹੈ; ਚੌਥੀ ਸੀਟ ਲਈ ਫਸਵੀਂ ਟੱਕਰ ਹੋਣ ਦੀ ਸੰਭਾਵਨਾ ਹੈ।
