ਰਾਜ ਸਭਾ ਚੋਣ: ਨੈਸ਼ਨਲ ਕਾਨਫਰੰਸ ਨੂੰ ਤਿੰਨ, ਭਾਜਪਾ ਨੂੰ ਇਕ ਸੀਟ
ਸੱਤਾਧਾਰੀ ਧਿਰ ਨੈਸ਼ਨਲ ਕਾਨਫਰੰਸ ਨੇ ਜੰਮੂ ਕਸ਼ਮੀਰ ’ਚ ਰਾਜ ਸਭਾ ਦੀਆਂ ਤਿੰਨ ਸੀਟਾਂ ’ਤੇ ਜਿੱਤ ਹਾਸਲ ਕੀਤੀ; ਇਕ ਸੀਟ ਭਾਜਪਾ ਦੇ ਖਾਤੇ ’ਚ ਗਈ। ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਮਗਰੋਂ ਰਾਜ ਸਭਾ ਲਈ ਇਹ ਪਹਿਲੀ ਚੋਣ ਸੀ। ਮੰਨਿਆ ਜਾ ਰਿਹਾ ਹੈ ਕਿ ਕੁਝ ਆਜ਼ਾਦ ਉਮੀਦਵਾਰਾਂ ਵੱਲੋਂ ਕ੍ਰਾਸ ਵੋਟਿੰਗ ਅਤੇ ਪੀਪਲਜ਼ ਕਾਨਫਰੰਸ ਦੇ ਵਿਧਾਇਕਾਂ ਦੀ ਗ਼ੈਰ-ਹਾਜ਼ਰੀ ਕਾਰਨ ਭਾਜਪਾ ਇਕ ਸੀਟ ਜਿੱਤਣ ’ਚ ਕਾਮਯਾਬ ਰਹੀ। ਰਾਜ ਸਭਾ ਦੀਆਂ ਚਾਰ ਸੀਟਾਂ ਲਈ ਅੱਜ ਵੋਟਿੰਗ ਹੋਈ ਸੀ।
ਨੈਸ਼ਨਲ ਕਾਨਫਰੰਸ ਦੇ ਚੌਧਰੀ ਮੁਹੰਮਦ ਰਮਜ਼ਾਨ, ਸੱਜਾਦ ਕਿਚਲੂ ਤੇ ਜੀ ਐੱਸ ਓਬਰਾਏ ਨੂੰ ਜੇਤੂ ਐਲਾਨਿਆ ਗਿਆ। ਭਾਜਪਾ ਆਗੂ ਸਤ ਸ਼ਰਮਾ ਨੇ ਨੈਸ਼ਨਲ ਕਾਨਫਰੰਸ ਦੇ ਇਮਰਾਨ ਨਬੀ ਨੂੰ ਹਰਾ ਕੇ ਚੌਥੀ ਸੀਟ ਜਿੱਤੀ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਾਰਟੀ ਦੇ ਜਿੱਤੇ ਤਿੰਨੋਂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਸਾਰੇ ਵਿਧਾਇਕਾਂ ਨੇ ਪਾਰਟੀ ਉਮੀਦਵਾਰਾਂ ਨੂੰ ਵੋਟ ਦਿੱਤੇ ਹਨ।
ਉਨ੍ਹਾਂ ਸਵਾਲ ਖੜ੍ਹੇ ਕੀਤੇ ਕਿ ਭਾਜਪਾ ਨੂੰ ਮਿਲੇ ਚਾਰ ਵਾਧੂ ਵੋਟ ਕਿਸ ਨੇ ਪਾਏ ਤੇ ਉਹ ਕਿਹੜੇ ਵਿਧਾਇਕ ਹਨ, ਜਿਨ੍ਹਾਂ ਆਪਣੀ ਵੋਟ ਖ਼ਰਾਬ ਕੀਤੀ ਹੈ। ਕਾਂਗਰਸ ਪ੍ਰਧਾਨ ਤਾਰਿਕ ਹਮੀਦ ਕਾਰਾ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਵੀ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ। ਜੇ ਕੇ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਨੇ ਕਿਹਾ ਕਿ ਇਹ ਨੈਸ਼ਨਲ ਕਾਨਫਰੰਸ ਅਤੇ ਭਾਜਪਾ ਵਿਚਾਲੇ ਫਿਕਸ ਮੈਚ ਸੀ।
