ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿੰਦਗੀ ਦੀ ਜੰਗ ਹਾਰਿਆ ਰਾਜਵੀਰ ਜਵੰਦਾ

ਗਾਇਕ ਦੇ ਲੱਖਾਂ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ; ਜਗਰਾਉਂ ਨੇਡ਼ਲੇ ਪਿੰਡ ਪੋਨਾ ’ਚ ਅੰਤਿਮ ਸੰਸਕਾਰ ਅੱਜ
Advertisement

ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਦਾ ਚਹੇਤਾ ਨੌਜਵਾਨ ਗਾਇਕ ਰਾਜਵੀਰ ਜਵੰਦਾ ਜ਼ਿੰਦਗੀ ਦੀ ਜੰਗ ਹਾਰ ਗਿਆ। ਉਸ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਅੱਜ ਸਵੇਰੇ 10 ਵਜ ਕੇ 55 ਮਿੰਟ ’ਤੇ ਆਖਰੀ ਸਾਹ ਲਏ। ਬੱਦੀ ਤੋਂ ਸ਼ਿਮਲਾ ਜਾਂਦਿਆਂ ਮੋਟਰਸਾਈਕਲ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਮਗਰੋਂ ਉਹ 27 ਸਤੰਬਰ ਤੋਂ ਮੁਹਾਲੀ ਦੇ ਫੇਜ਼-ਅੱਠ ਦੇ ਫੋਰਟਿਸ ਹਸਪਤਾਲ ’ਚ ਜ਼ੇਰੇ ਇਲਾਜ ਸੀ। ਉਸ ਦੀ ਰੀੜ੍ਹ ਦੀ ਹੱਡੀ, ਗਰਦਨ ਅਤੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਹ ਵੈਂਟੀਲੇਟਰ ਅਤੇ ਜੀਵਨ ਰੱਖਿਅਕ ਉਪਕਰਨਾਂ ਦੇ ਸਹਾਰੇ ਸਾਹ ਲੈ ਰਿਹਾ ਸੀ। ਡਾਕਟਰਾਂ ਮੁਤਾਬਕ ਰਾਜਵੀਰ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਅੱਜ ਉਸ ਨੇ ਦਮ ਤੋੜ ਦਿੱਤਾ। ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਭਲਕੇ ਵੀਰਵਾਰ ਸਵੇਰੇ 11 ਵਜੇ ਜੱਦੀ ਪਿੰਡ ਪੋਨਾ (ਜਗਰਾਉਂ) ’ਚ ਹੋਵੇਗਾ।

ਰਾਜਵੀਰ ਜਵੰਦਾ ਦੀ ਦੇਹ ਨੂੰ ਪਹਿਲਾਂ ਉਸ ਦੀ ਸੈਕਟਰ-71 ਸਥਿਤ ਕੋਠੀ ਵਿਚ ਲਿਜਾਇਆ ਗਿਆ। ਇਸ ਮਗਰੋਂ ਫੇਜ਼-ਛੇ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਗਿਆ ਜਿਸ ਮਗਰੋਂ ਉਸ ਦੀ ਦੇਹ ਨੂੰ ਪਿੰਡ ਪੋਨਾ (ਜਗਰਾਉਂ) ਲਿਜਾਇਆ ਗਿਆ। ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਦੀ ਖ਼ਬਰ ਸਵੇਰੇ ਹੀ ਫੈਲ ਗਈ ਸੀ ਪਰ ਹਸਪਤਾਲ ਨੇ ਦੁਪਹਿਰ ਸਵਾ 12 ਵਜੇ ਦੇ ਕਰੀਬ ਬੁਲੇਟਿਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਹਸਪਤਾਲ ਦੇ ਆਲੇ-ਦੁਆਲੇ ਪੁਲੀਸ ਤਾਇਨਾਤ ਕਰ ਦਿੱਤੀ ਗਈ ਸੀ। ਜਵੰਦਾ ਦੇ ਦੇਹਾਂਤ ਮਗਰੋਂ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਵਿਚ ਸੋਗ ਦੀ ਲਹਿਰ ਫੈਲ ਗਈ। ਵੱਡੀ ਗਿਣਤੀ ਵਿਚ ਫਿਲਮੀ ਹਸਤੀਆਂ, ਗਾਇਕ ਅਤੇ ਉਸ ਦੇ ਪ੍ਰਸ਼ੰਸਕ ਹਸਪਤਾਲ ਪਹੁੰਚ ਗਏ ਜਿਨ੍ਹਾਂ ਵਿਚ ਹਰਭਜਨ ਮਾਨ, ਕੰਵਰ ਗਰੇਵਾਲ, ਮਲਕੀਤ ਰੌਣੀ, ਹਰਫ਼ ਚੀਮਾ, ਕਰਮਜੀਤ ਅਨਮੋਲ, ਬੀ ਐੱਨ ਸ਼ਰਮਾ, ਰੁਪਿੰਦਰ ਹਾਂਡਾ, ਮਾਹੀ ਸ਼ਰਮਾ, ਰੇਸ਼ਮ ਅਨਮੋਲ, ਬੀਨੂੰ ਢਿਲੋਂ, ਯੁਵਰਾਜ ਹੰਸ ਅਤੇ ਹੋਰ ਸ਼ਾਮਲ ਸਨ। ਸਾਰਿਆਂ ਨੇ ਰਾਜਵੀਰ ਜਵੰਦਾ ਦੇ ਦੇਹਾਂਤ ਨੂੰ ਪੰਜਾਬੀ ਸੱਭਿਆਚਾਰ ਅਤੇ ਸਮਾਜ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਦੱਸਦਿਆਂ ਉਸ ਦੇ ਪਰਿਵਾਰ ਨੂੰ ਹੌਸਲਾ ਦਿੱਤਾ।

Advertisement

ਰਾਜਵੀਰ ਜਵੰਦਾ ਆਪਣੇ ਪਿੱਛੇ ਮਾਤਾ ਪਰਮਜੀਤ ਕੌਰ, ਪਤਨੀ ਅਸ਼ਿਵੰਦਰ ਕੌਰ, ਪੁੱਤਰੀ ਹੇਮੰਤ ਕੌਰ, ਪੁੱਤਰ ਦਿਲਾਵਰ ਸਿੰਘ, ਭੈਣ ਕਮਲਜੀਤ ਕੌਰ ਤੋਂ ਇਲਾਵਾ ਬਜ਼ੁਰਗ ਦਾਦੀ ਛੱਡ ਗਿਆ ਹੈ। ਰਾਜਵੀਰ ਜਵੰਦਾ ਦਾ ਜਨਮ 1990 ਵਿਚ ਹੋਇਆ ਸੀ। ਉਸ ਨੇ ਮੁੱਢਲੀ ਸਿਖਿਆ ਸਮਿਤੀ ਵਿਮਲ ਜੈਨ ਸਕੂਲ ਜਗਰਾਉਂ ਤੋਂ ਹਾਸਲ ਕੀਤੀ ਸੀ। ਗ੍ਰੈਜੂਏਸ਼ਨ ਡੀ ਏ ਵੀ ਕਾਲਜ ਜਗਰਾਉਂ ਤੋਂ ਕਰਨ ਮਗਰੋਂ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਦੀ ਐੱਮ ਏ ਕੀਤੀ ਸੀ। ਉਹ 2011 ਵਿਚ ਪੁਲੀਸ ਵਿਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ 2019 ਵਿਚ ਉਸ ਨੇ ਨੌਕਰੀ ਛੱਡ ਕੇ ਪੱਕੇ ਤੌਰ ਤੇ ਗਾਇਕੀ ਨੂੰ ਅਪਣਾ ਲਿਆ ਸੀ। ਕਿਸਾਨ ਅੰਦੋਲਨ ਦੌਰਾਨ ਉਸ ਨੇ ਦਿੱਲੀ ’ਚ ਕੰਵਰ ਗਰੇਵਾਲ ਤੇ ਹੋਰ ਗਾਇਕਾਂ ਨਾਲ ਲਗਾਤਾਰ ਉਸਾਰੂ ਗੀਤ ਗਾਏ ਸਨ।

ਰਾਜਵੀਰ ਜਵੰਦਾ ਦੇ ਪਿਤਾ ਕਰਮ ਸਿੰਘ ਸੇਵਾਮੁਕਤ ਏ ਐੱਸ ਆਈ ਸਨ ਜਿਨ੍ਹਾਂ ਦਾ ਕੁੱਝ ਵਰ੍ਹੇ ਪਹਿਲਾਂ ਦੇਹਾਂਤ ਹੋ ਗਿਆ ਸੀ। ਜਵੰਦਾ ਨੂੰ ਮੋਟਰਸਾਈਕਲ ਚਲਾਉਣ ਦਾ ਬਹੁਤ ਸ਼ੌਕ ਸੀ ਤੇ ਉਹ ਅਕਸਰ ਆਪਣੇ ਦੋਸਤਾਂ ਨਾਲ ਬਾਈਕ ਰਾਈਡਿੰਗ ਲਈ ਜਾਂਦਾ ਰਹਿੰਦਾ ਸੀ। ਕਈ ਵਾਰ ਉਹ ਸੜਕਾਂ ਕਿਨਾਰੇ ਹੀ ਕੈਂਪਿੰਗ ਕਰਕੇ ਰਾਤ ਗੁਜ਼ਾਰ ਲੈਂਦਾ ਸੀ। ਹਾਦਸੇ ਵਾਲੇ ਦਿਨ ਵੀ ਉਹ 27 ਲੱਖ ਰੁਪਏ ਦੀ ਕੀਮਤ ਵਾਲੀ ਬੀ ਐੱਮ ਡਬਲਿਊ ਬਾਈਕ ਚਲਾ ਰਿਹਾ ਸੀ। ਰਾਜਵੀਰ ਜਵੰਦਾ ਨੇ 2014 ਵਿਚ ਪਹਿਲਾ ਸੋਲੋ ਗੀਤ ‘ਮੁੰਡਾ ਲਾਈਕ ਸੀ’ ਕੱਢਿਆ। 2016 ਵਿਚ ਉਸ ਵੱਲੋਂ ਗਾਈ ‘ਕਲੀ ਜਵੰਦੇ ਦੀ’ ਬਹੁਤ ਮਕਬੂਲ ਹੋਈ। 2017 ਵਿਚ ਮਾਹੀ ਸ਼ਰਮਾ ਨਾਲ ਮਿਲ ਕੇ ਕੱਢੇ ‘ਕੰਗਣੀ’ ਗੀਤ ਨੇ ਉਸ ਨੂੰ ਸਟਾਰ ਬਣਾ ਦਿੱਤਾ। ਇਸ ਮਗਰੋਂ ਉਸ ਨੇ ਲਗਾਤਾਰ ਕਈ ਗੀਤ ਗਾਏ ਜਿਨ੍ਹਾਂ ਵਿਚ ‘ਤੂੰ ਦਿਸ ਪੈਂਦਾ’, ‘ਖੁਸ਼ ਰਿਹਾ ਕਰ’, ‘ਸਰਕਾਰੀ ਸਰਨੇਮ’, ‘ਆਫ਼ਰੀਨ’, ‘ਜ਼ਿਮੀਂਦਾਰ’ ਅਤੇ ‘ਡਾਊਨ ਟੂ ਅਰਥ’ ਸ਼ਾਮਲ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਉਸ ਨੇ 2018 ਵਿਚ ‘ਸੂਬੇਦਾਰ ਜੋਗਿੰਦਰ ਸਿੰਘ’, 2019 ਵਿਚ ‘ਮਿੰਦੋ ਤਹਿਸੀਲਦਾਰਨੀ’, ‘ਜਿੰਦ ਜਾਨ’, ‘ਕਾਕਾ ਜੀ’, ‘ਸਿਕੰਦਰ-2’ ਅਤੇ ਹੋਰ ਕਈ ਫ਼ਿਲਮਾਂ ਵਿਚ ਅਦਾਕਾਰੀ ਵੀ ਕੀਤੀ। ਇਸ ਦੌਰਾਨ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਕੁਲਵੰਤ ਸਿੰਘ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਪੁਆਧੀ ਮੰਚ ਮੁਹਾਲੀ, ਗਾਇਕ ਹਰਦੀਪ ਅਤੇ ਹੋਰ ਅਨੇਕਾਂ ਸਾਹਿਤ ਅਤੇ ਸੱਭਿਆਚਾਰ ਸੁਸਾਇਟੀਆਂ ਨੇ ਰਾਜਵੀਰ ਜਵੰਦਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Advertisement
Show comments