ਰਾਜਿੰਦਰ ਗੁਪਤਾ ਰਾਜ ਸਭਾ ਮੈਂਬਰ ਬਣੇ
ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਗੁਪਤਾ ਅੱਜ ਬਿਨਾਂ ਕਿਸੇ ਵਿਰੋਧ ਦੇ ਰਾਜ ਸਭਾ ਮੈਂਬਰ ਚੁਣੇ ਗਏ। ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਆਖ਼ਰੀ ਦਿਨ ਸੀ ਅਤੇ ਮਧੂ ਗੁਪਤਾ ਵੱਲੋਂ ਕਾਗ਼ਜ਼ ਵਾਪਸ ਲੈਣ ਮਗਰੋਂ ਰਾਜਿੰਦਰ ਗੁਪਤਾ ਬਿਨਾਂ ਮੁਕਾਬਲਾ ਚੁਣੇ ਲਏ ਗਏ। ਰਾਜ ਸਭਾ ਚੋਣ ਲਈ ਰਿਟਰਨਿੰਗ ਅਫ਼ਸਰ ਰਾਮ ਲੋਕ ਖਟਾਣਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਮੌਜੂਦਗੀ ’ਚ ਰਾਜਿੰਦਰ ਗੁਪਤਾ ਨੂੰ ਰਾਜ ਸਭਾ ਮੈਂਬਰ ਚੁਣੇ ਜਾਣ ਦਾ ਸਰਟੀਫਿਕੇਟ ਜਾਰੀ ਕੀਤਾ। ਇਸ ਮੌਕੇ ਰਾਜਿੰਦਰ ਗੁਪਤਾ ਦੀ ਪਤਨੀ ਮਧੂ ਗੁਪਤਾ ਵੀ ਹਾਜ਼ਰ ਸਨ। ਉਨ੍ਹਾਂ ਦੇ ਰਾਜ ਸਭਾ ਮੈਂਬਰ ਬਣਨ ਨਾਲ ਹੁਣ ਪੰਜਾਬ ’ਚੋਂ ਉਪਰਲੇ ਸਦਨ ’ਚ ‘ਆਪ’ ਮੈਂਬਰਾਂ ਦੀ ਗਿਣਤੀ ਸੱਤ ਹੋ ਗਈ ਹੈ। ਸੰਜੀਵ ਅਰੋੜਾ ਵੱਲੋਂ ਪਹਿਲੀ ਜੁਲਾਈ ਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਮਗਰੋਂ ਇਹ ਸੀਟ ਖ਼ਾਲੀ ਹੋਈ ਸੀ ਅਤੇ ਇਸ ਸੀਟ ਲਈ ਉਪ ਚੋਣ 24 ਅਕਤੂਬਰ ਨੂੰ ਹੋਣੀ ਸੀ ਪਰ ਚੋਣ ਮੈਦਾਨ ’ਚ ਕੋਈ ਵਿਰੋਧੀ ਉਮੀਦਵਾਰ ਨਾ ਹੋਣ ਕਰ ਕੇ ਅੱਜ ਰਾਜਿੰਦਰ ਗੁਪਤਾ ਨੂੰ ਰਾਜ ਸਭਾ ਮੈਂਬਰ ਐਲਾਨ ਦਿੱਤਾ ਗਿਆ।
ਰਾਜ ਸਭਾ ਦੀ ਉਪ ਚੋਣ ਲਈ ਨਵਨੀਤ ਚਤੁਰਵੇਦੀ ਸਮੇਤ ਚਾਰ ਹੋਰ ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ ਸਨ ਪਰ ਤਿੰਨੋਂ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋ ਗਏ ਸਨ ਅਤੇ ਇੱਕ ਉਮੀਦਵਾਰ ਮਧੂ ਗੁਪਤਾ ਨੇ ਅੱਜ ਕਾਗ਼ਜ਼ ਵਾਪਸ ਲੈ ਲਏ। ਇਸ ਰਾਜ ਸਭਾ ਚੋਣ ਦੌਰਾਨ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਨਾਮਜ਼ਦਗੀ ਪੱਤਰਾਂ ਨਾਲ 10 ‘ਆਪ’ ਵਿਧਾਇਕਾਂ ਦੇ ਸਮਰਥਨ ਦਾ ਫ਼ਰਜ਼ੀ ਪੱਤਰ ਹੋਣ ਕਰ ਕੇ ਕਾਫ਼ੀ ਵਿਵਾਦ ਵੀ ਚੱਲਦਾ ਰਿਹਾ। ਵਿਧਾਇਕਾਂ ਦੀ ਸ਼ਿਕਾਇਤ ’ਤੇ ਚਾਰ ਜ਼ਿਲ੍ਹਿਆਂ ’ਚ ਚਤੁਰਵੇਦੀ ਖ਼ਿਲਾਫ਼ ਮਾਮਲੇ ਦਰਜ ਹੋਏ ਹਨ ਅਤੇ ਬੀਤੇ ਦਿਨ ਰੋਪੜ ਪੁਲੀਸ ਨੇ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਉਧਰ, ਰਾਜਿੰਦਰ ਗੁਪਤਾ 5053.03 ਕਰੋੜ ਦੀ ਜਾਇਦਾਦ ਦੀ ਮਾਲਕੀ ਨਾਲ ਰਾਜ ਸਭਾ ’ਚ ਦੂਸਰੇ ਸਭ ਤੋਂ ਵੱਧ ਦੌਲਤਮੰਦ ਮੈਂਬਰ ਬਣ ਗਏ ਹਨ; ਸੰਸਦ ਦੇ ਉਪਰਲੇ ਸਦਨ ’ਚ ਅਮੀਰੀ ਦੇ ਮਾਮਲੇ ’ਚ ਪਹਿਲਾ ਨੰਬਰ 5300 ਕਰੋੜ ਦੀ ਸੰਪਤੀ ਨਾਲ ਤਿਲੰਗਾਨਾ ਦੇ ਡਾ. ਬੀ ਪਾਰਥਾਸਾਰਥੀ ਦਾ ਹੈ। ਸੰਸਦ ਦੇ ਸਾਰੇ ਮੈਂਬਰਾਂ ’ਚੋਂ ਰਾਜਿੰਦਰ ਗੁਪਤਾ ਦਾ ਨੰਬਰ ਤੀਜਾ ਹੈ; ਲੋਕ ਸਭਾ ’ਚ ਪਹਿਲੇ ਨੰਬਰ ’ਤੇ ਆਂਧਰਾ ਪ੍ਰਦੇਸ਼ ਦੇ ਡਾ. ਚੰਦਰ ਸ਼ੇਖਰ ਹਨ ਜਿਨ੍ਹਾਂ ਕੋਲ 5705 ਕਰੋੜ ਦੀ ਸੰਪਤੀ ਹੈ। ਰਾਜ ਸਭਾ ’ਚ ਹੁਣ ਅਰਬਪਤੀ ਮੈਂਬਰਾਂ ਦੀ ਗਿਣਤੀ 32 ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਸਾਰੇ ਮੈਂਬਰਾਂ ਦੀ ਸੰਪਤੀ ਹੁਣ 6201 ਕਰੋੜ ਹੋ ਗਈ ਹੈ।