ਰਾਜਸਥਾਨ: ਸੀ ਐੱਨ ਜੀ ਪੰਪ ’ਤੇ ਝਗੜੇ ਦੀ ਵਾਇਰਲ ਵੀਡੀਓ ਤੋਂ ਬਾਅਦ ਐੱਸ ਡੀ ਐੱਮ ਮੁਅੱਤਲ
ਰਾਜਸਥਾਨ ਸਰਕਾਰ ਨੇ ਇੱਕ ਰਾਜ ਸਿਵਲ ਸੇਵਾ ਅਧਿਕਾਰੀ ਨੂੰ ਭੀਲਵਾੜਾ ਵਿੱਚ ਇੱਕ ਸੀ ਐੱਨ ਜੀ ਪੰਪ ਦੇ ਕਰਮਚਾਰੀ ਨੂੰ ਝਗੜੇ ਤੋਂ ਬਾਅਦ ਥੱਪੜ ਮਾਰਨ ਦੇ ਕਥਿਤ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ। ਇਸ ਘਟਨਾ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।
ਪਰਸੋਨਲ ਵਿਭਾਗ ਨੇ ਪ੍ਰਤਾਪਗੜ੍ਹ ਵਿੱਚ ਉਪ-ਮੰਡਲ ਮੈਜਿਸਟਰੇਟ (SDM) ਵਜੋਂ ਤਾਇਨਾਤ ਛੋਟੂ ਲਾਲ ਸ਼ਰਮਾ ਨੂੰ ਪ੍ਰਸ਼ਾਸਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਰਾਤ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਮੁਅੱਤਲੀ ਦੀ ਮਿਆਦ ਦੌਰਾਨ ਸ਼ਰਮਾ ਨੂੰ ਜੈਪੁਰ ਵਿੱਚ ਸਕੱਤਰੇਤ ਪਰਸੋਨਲ ਵਿਭਾਗ ਨਾਲ ਅਟੈਚ ਕੀਤਾ ਜਾਵੇਗਾ।
ਇਹ ਕਾਰਵਾਈ ਉਦੋਂ ਹੋਈ ਜਦੋਂ ਬੁੱਧਵਾਰ ਨੂੰ ਸ਼ਰਮਾ ਅਤੇ ਇੱਕ ਸੀ ਐੱਨ ਜੀ ਪੰਪ ਕਰਮਚਾਰੀ ਨੂੰ ਕੈਮਰੇ ਵਿੱਚ ਇੱਕ ਦੂਜੇ ਨੂੰ ਥੱਪੜ ਮਾਰਦੇ ਦੇਖਿਆ ਗਿਆ। ਇਹ ਝਗੜਾ ਅਧਿਕਾਰੀ ਦੇ ਵਾਹਨ ਵਿੱਚ ਸੀ ਐੱਨ ਜੀ ਭਰਵਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਹੋਇਆ ਸੀ।
ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ ਵਿੱਚ ਐੱਸ ਡੀ ਐੱਮ ਕਰਮਚਾਰੀਆਂ ਨਾਲ ਬਹਿਸ ਕਰਦਾ ਦਿਖਾਈ ਦਿੱਤਾ, ਜਿਨ੍ਹਾਂ ਨੇ ਕਥਿਤ ਤੌਰ 'ਤੇ ਕਿਸੇ ਹੋਰ ਵਾਹਨ ਤੋਂ ਪਹਿਲਾਂ ਉਸਦੇ ਵਾਹਨ ਵਿੱਚ ਈਂਧਨ ਭਰਨ ਤੋਂ ਇਨਕਾਰ ਕਰ ਦਿੱਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਤਿੰਨ ਪੈਟਰੋਲ ਪੰਪ ਕਰਮਚਾਰੀਆਂ – ਦੀਪਕ ਮਾਲੀ, ਪ੍ਰਭੂ ਲਾਲ ਕੁਮਾਵਤ ਅਤੇ ਰਾਜਾ ਸ਼ਰਮਾ – ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਨਿੱਜੀ ਜੀਵਨ ਨੂੰ ਲੈ ਕੇ ਨਵੇਂ ਖੁਲਾਸੇ
ਮੀਡੀਆ ਰਿਪੋਰਟਾਂ ਅਨੁਸਾਰ ਇਸ ਵਿਵਾਦ ਤੋਂ ਬਾਅਦ ਛੋਟੂ ਲਾਲ ਸ਼ਰਮਾ ਦੀ ਨਿੱਜੀ ਜ਼ਿੰਦਗੀ ਵੀ ਚਰਚਾ ਵਿੱਚ ਆ ਗਈ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਪੈਟਰੋਲ ਪੰਪ ਵਿਵਾਦ ਦੌਰਾਨ ਜੋ ਔਰਤ ਸ਼ਰਮਾ ਦੇ ਨਾਲ ਮੌਜੂਦ ਸੀ, ਉਹ ਉਨ੍ਹਾਂ ਦੀ ਦੂਜੀ ਪਤਨੀ ਦੀਪਿਕਾ ਵਿਆਸ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਮਾ ਦਾ ਆਪਣੀ ਪਹਿਲੀ ਪਤਨੀ ਪੂਨਮ ਝਾਖੇੜੀਆ ਨਾਲ ਅਜੇ ਤਲਾਕ ਨਹੀਂ ਹੋਇਆ ਹੈ, ਹਾਲਾਂਕਿ ਐੱਸ.ਡੀ.ਐੱਮ. ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਤਲਾਕ ਹੋ ਚੁੱਕਾ ਹੈ ਅਤੇ ਹੁਣ ਉਨ੍ਹਾਂ ਨੇ ਦੀਪਿਕਾ ਨਾਲ ਵਿਆਹ ਕਰ ਲਿਆ ਹੈ।
ਪਹਿਲੀ ਪਤਨੀ ਪੂਨਮ ਲੈਕਚਰਾਰ ਹੈ। ਪੂਨਮ ਨੇ 18 ਜਨਵਰੀ 2022 ਨੂੰ ਆਪਣੇ ਪਤੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਉਨ੍ਹਾਂ ਨੇ ਪਤੀ 'ਤੇ ਦਹੇਜ ਪ੍ਰੇਸ਼ਾਨੀ, ਕੁੱਟਮਾਰ, ਘਰੋਂ ਕੱਢਣ ਅਤੇ ਦੂਜੀਆਂ ਔਰਤਾਂ ਨਾਲ ਸਬੰਧ ਵਰਗੇ ਗੰਭੀਰ ਦੋਸ਼ ਲਗਾਏ ਸਨ।
ਦੋਵਾਂ ਦਾ ਵਿਆਹ ਸਾਲ 2008 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਪੂਨਮ ਮੁਤਾਬਕ ਸ਼ਰਮਾ ਦੇ ਐੱਸ.ਡੀ.ਐੱਮ. ਬਣਨ ਤੋਂ ਬਾਅਦ ਉਨ੍ਹਾਂ ਦਾ ਵਿਹਾਰ ਪੂਰੀ ਤਰ੍ਹਾਂ ਬਦਲ ਗਿਆ। ਉਨ੍ਹਾਂ ਨੇ ਦਹੇਜ ਦੀ ਮੰਗ ਅਤੇ ਘਰੇਲੂ ਹਿੰਸਾ ਸ਼ੁਰੂ ਕਰ ਦਿੱਤੀ।
ਪੂਨਮ ਦਾ ਦੋਸ਼ ਹੈ ਕਿ 14 ਫਰਵਰੀ 2021 ਨੂੰ ਉਨ੍ਹਾਂ ਨੇ ਗਹਿਣੇ ਅਤੇ ਸਾਮਾਨ ਆਪਣੇ ਕੋਲ ਰਖਵਾ ਕੇ ਉਸ ਨੂੰ ਅਤੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ। ਉਨ੍ਹਾਂ ਨੇ ਪਤੀ 'ਤੇ ਭ੍ਰਿਸ਼ਟਾਚਾਰ ਅਤੇ ਰੰਗੀਨ ਮਿਜ਼ਾਜ ਹੋਣ ਦੇ ਵੀ ਗੰਭੀਰ ਦੋਸ਼ ਲਗਾਏ ਹਨ।
ਹਾਲ ਹੀ ਵਿੱਚ ਪੂਨਮ ਅਤੇ ਉਨ੍ਹਾਂ ਦੇ ਬੱਚੇ ਅਧਿਕਾਰੀਆਂ ਨੂੰ ਮਿਲ ਕੇ ਨਿਆਂ ਦੀ ਗੁਹਾਰ ਲਗਾ ਚੁੱਕੇ ਹਨ। ਦੂਜੇ ਪਾਸੇ ਸ਼ਰਮਾ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਪਹਿਲੀ ਪਤਨੀ ਤੋਂ ਤਲਾਕ ਹੋ ਚੁੱਕਾ ਹੈ, ਉਨ੍ਹਾਂ ਨੇ ਦੀਪਿਕਾ ਨਾਲ ਕਾਨੂੰਨੀ ਤੌਰ 'ਤੇ ਦੂਜਾ ਵਿਆਹ ਕੀਤਾ ਹੈ ਅਤੇ ਦੋਵੇਂ ਬੱਚੇ ਉਨ੍ਹਾਂ ਦੇ ਨਾਲ ਹੀ ਰਹਿੰਦੇ ਹਨ। (ਵੈੱਬ ਡੈਸਕ ਇਨਪੁੱਟਸ)
